- ਨੈਤਿਕਤਾ ਦੀ ਕਮੀ ਕਰਕੇ ਸਮਾਜ 'ਚ ਲਗਾਤਾਰ ਆ ਰਹੀ ਹੈ ਗਿਰਾਵਟ: ਐਸ ਐਚ ਓ
ਕੋਟਕਪੂਰਾ, 5 ਦਸੰਬਰ 2020 - ਨੈਤਿਕਤਾ ਦੀ ਕਮੀ ਕਾਰਨ ਸਮਾਜ 'ਚ ਆ ਰਹੀ ਗਿਰਾਵਟ ਨੇ ਦੁਨੀਆਂ ਭਰ ਦੇ ਇਨਸਾਫ ਪਸੰਦ ਅਤੇ ਦੂਰਅੰਦੇਸ਼ੀ ਨਾਗਰਿਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਅੱਜ ਬੱਚਿਆਂ ਲਈ ਵਿਦਿਅਕ ਪੜਾਈ ਦੇ ਨਾਲ-ਨਾਲ ਉਨਾ ਨੂੰ ਨੈਤਿਕਤਾ ਦਾ ਪਾਠ ਪੜਾਉਣਾ ਵੀ ਜਰੂਰੀ ਹੋ ਗਿਆ ਹੈ। ਸਥਾਨਕ ਫੇਰੂਮਾਨ ਚੌਂਕ 'ਚ ਸਥਿੱਤ ਗੁਰਦਵਾਰਾ ਗੁਰੂ ਨਾਨਕ ਦੇਵ ਸਤਿਸੰਗ ਸਭਾ ਵਿਖੇ 'ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ' ਵਲੋਂ ਧਾਰਮਿਕ ਖੇਤਰ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਬੱਚਿਆਂ, ਭੈਣਾ ਅਤੇ ਮਾਤਾਵਾਂ ਲਈ ਰੱਖੇ ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਮੈਡਮ ਬੇਅੰਤ ਕੌਰ ਐਸਐਚਓ ਥਾਣਾ ਸਦਰ ਕੋਟਕਪੂਰਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਜੈਕਾਰਾ ਮੂਵਮੈਂਟ ਦਾ ਉਕਤ ਉਪਰਾਲਾ ਪ੍ਰਸੰਸਾਯੋਗ ਹੈ।
ਉਨ੍ਹਾਂ ਕਿਹਾ ਕਿ ਟੀਵੀ ਚੈਨਲ, ਮੋਬਾਇਲ ਅਤੇ ਇੰਟਰਨੈੱਟ ਰਾਹੀਂ ਨੌਜਵਾਨਾ ਅਤੇ ਬੱਚਿਆਂ ਨੂੰ ਸਿਰਫ ਸਦਾਚਾਰਕ ਅਰਥਾਤ ਉਸਾਰੂ ਪ੍ਰੋਗਰਾਮ ਦੇਖ ਕੇ ਜਿੱਥੇ ਉਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਉੱਥੇ ਆਪਣੇ ਗਿਆਨ 'ਚ ਵਾਧਾ ਵੀ ਕਰਨਾ ਚਾਹੀਦਾ ਹੈ। ਜੈਕਾਰਾ ਮੂਵਮੈਂਟ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਸਨਮਾਨਿਤ ਹੋਣ ਜਾ ਰਹੇ ਬੱਚੇ, ਲੜਕੇ, ਲੜਕੀਆਂ, ਭੈਣਾ ਅਤੇ ਮਾਤਾਵਾਂ ਦਾ ਧਾਰਮਿਕ ਖੇਤਰ 'ਚ ਬਹੁਤ ਯੋਗਦਾਨ ਹੈ, ਕਿਉਂਕਿ ਉਹ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜਿਆਂ ਮੌਕੇ ਕੋਟਕਪੂਰੇ 'ਚ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾ 'ਚ ਬੱਚਿਆਂ ਤੇ ਨੌਜਵਾਨਾਂ ਨੂੰ ਜਿੱਥੇ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੀਆਂ ਸੇਵਾਵਾਂ ਨਿਭਾਉਂਦੀਆਂ ਹਨ, ਉੱਥੇ ਵੱਖ ਵੱਖ ਧਾਰਮਿਕ ਸਮਾਗਮਾ ਅਤੇ ਇਤਿਹਾਸਿਕ ਦਿਹਾੜਿਆਂ ਮੌਕੇ ਵੀ ਉਨਾ ਦੀ ਨਵੀਂ ਪੀੜੀ ਨੂੰ ਵਿਰਸੇ ਨਾਲ ਜੋੜਨ ਦੀ ਕੌਸ਼ਿਸ਼ ਰਹਿੰਦੀ ਹੈ। ਜੈਕਾਰਾ ਮੂਵਮੈਂਟ ਦੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਮੁੱਖ ਮਹਿਮਾਨ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਤੇ ਉਨਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਿੱਥੇ ਜੈਕਾਰਾ ਮੂਵਮੈਂਟ ਦੇ ਉਕਤ ਉਪਰਾਲੇ ਨਾਲ ਹੋਰਨਾ ਨੂੰ ਪ੍ਰੇਰਨਾ ਮਿਲੇਗੀ, ਉੱਥੇ ਸੇਵਾਵਾਂ ਨਿਭਾਅ ਰਹੇ ਬੱਚਿਆਂ, ਭੈਣਾ ਅਤੇ ਮਾਤਾਵਾਂ 'ਚ ਉਤਸ਼ਾਹ ਵਧਣਾ ਵੀ ਸੁਭਾਵਿਕ ਹੈ।