ਸ੍ਰੀ ਮੁਕਤਸਰ ਸਾਹਿਬ, 5 ਦਸੰਬਰ 2020 - ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਸੰਘਰਸ਼ ਦਿਨੋਂ-ਦਿਨ ਤਿੱਖਾ ਹੁੰਦਾ ਜਾ ਰਿਹਾ ਹੈ ਕਿਉਂਕਿ ਪਿੰਡਾਂ ਦੇ ਕਿਸਾਨ ਕਾਫਲੇ ਬੰਨ ਕਿ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰਧਾਨ ਹਰਦੇਵ ਹਮਦਰਦ ਦੀ ਅਗਵਾਈ ਹੇਠ ਲੇਖਕਾਂ ਅਤੇ ਕਿਸਾਨਾਂ ਦਾ ਕਾਫਲਾ ਦਿੱਲੀ ਰਵਾਨਾ ਕੀਤਾ ਗਿਆ।
ਦਿੱਲੀ ਲਈ ਰਵਾਨਾ ਹੋਣ ਸਮੇਂ ਹਰਦੇਵ ਹਮਦਰਦ ਨੇ ਬੋਲਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਸ਼ੁਰੂ ਕੀਤਾ ਸੰਘਰਸ਼ ਹੁਣ ਇੱਕ ਲੋਕ ਲਹਿਰ ਬਣ ਕੇ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਬਣ ਗਿਆ ਹੈ। ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਲੀ ਪਹੁੰਚ ਰਹੇ ਲੇਖਕਾਂ ਅਤੇ ਕਿਸਾਨਾਂ ਦੇ ਇਸ ਕਾਫਲੇ ਨਾਲ ਕਿਸਾਨੀ ਸੰਘਰਸ਼ ਨੂੰ ਹੋਰ ਬਲ ਮਿਲੇਗਾ।
ਇਸ ਮੌਕੇ ਗੀਤਕਾਰ ਸਰਦੂਲ ਬਰਾੜ ਨੇ ਕਿਹਾ ਕਿ ਉਹ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ। ਇਸ ਸਮੇਂ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਦੇਵ ਹਮਦਰਦ, ਕੁਲਵੰਤ ਸਰੋਤਾ, ਸਰਦੂਲ ਸਿੰਘ ਬਰਾੜ, ਬਲਦੇਵ ਇਕਵੰਨ, ਰਾਜਵਿੰਦਰ ਸਿੰਘ, ਜੱਗਾ ਸਿੰਘ ਰੱਤੇਵਾਲਾ, ਗੀਤਕਾਰ ਬਲਕਰਨ ਸਿੰਘ ਤੋਂ ਇਲਾਵਾ ਸੁਖਦਰਸ਼ਨ ਸਿੰਘ, ਸਤਨਾਮ ਸਿੰਘ ਬਲਮਗੜ ਆਦਿ ਕਿਸਾਨ ਹਾਜਰ ਸਨ।