← Go Back
ਸੈਨ ਡੀਅਗੋ ਚਿੜੀਆਘਰ "ਚ ਦੋ ਗੋਰਿੱਲੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ 2021 ਕੈਲੀਫੋਰਨੀਆਂ ਸੂਬੇ ਵਿੱਚ ਸੈਨ ਡਿਏਗੋ ਦੇ ਇੱਕ ਚਿੜੀਆਘਰ ਸਫਾਰੀ ਪਾਰਕ "ਚ ਦੋ ਗੋਰੀਲੇ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ। ਇਹਨਾਂ ਜਾਨਵਰਾਂ ਉੱਪਰ ਕੋਰੋਨਾ ਦੇ ਪ੍ਰਕੋਪ ਦਾ ਖੁਲ੍ਹਾਸਾ ਚਿੜੀਆਘਰ ਦੇ ਅਧਿਕਾਰੀਆਂ ਦੁਆਰਾ ਸੋਮਵਾਰ ਨੂੰ ਕੀਤਾ ਗਿਆ ਹੈ।ਇਸਦੇ ਇਲਾਵਾ ਪ੍ਰਬੰਧਕਾਂ ਅਨੁਸਾਰ ਇੱਕ ਹੋਰ ਤੀਸਰਾ ਗੁਰੀਲਾ ਵਾਇਰਸ ਦੇ ਲੱਛਣ ਦਿਖਾ ਰਿਹਾ ਹੈ ਪਰ ਉਸ ਦਾ ਪਾਜ਼ੀਟਿਵ ਟੈਸਟ ਨਹੀਂ ਹੋਇਆ ਹੈ ਜਦਕਿ ਕਈ ਹੋਰਾਂ ਨੂੰ ਵੀ ਵਾਇਰਸ ਦੀ ਲਾਗ ਲੱਗਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਚਿੜੀਆਘਰ ਪ੍ਰਬੰਧਕਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੀੜਤ ਜਾਨਵਰਾਂ ਦੀ 6 ਜਨਵਰੀ ਨੂੰ ਖੰਘ ਅਤੇ ਹੋਰ ਹਲਕੇ ਲੱਛਣਾਂ ਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਜਾਂਚ ਕੀਤੀ ਗਈ ਸੀ ਜੋ ਕਿ 8 ਜਨਵਰੀ ਨੂੰ ਪਾਜ਼ੀਟਿਵ ਪਾਏ ਗਏ ਸਨ ਅਤੇ ਯੂ ਐੱਸ ਡੀ ਏ ਦੀਆਂ ਰਾਸ਼ਟਰੀ ਵੈਟਰਨਰੀ ਸੇਵਾ ਲੈਬਾਰਟਰੀ ਦੁਆਰਾ ਇਹਨਾਂ ਟੈਸਟਾਂ ਦੀ 11 ਜਨਵਰੀ ਨੂੰ ਪੁਸ਼ਟੀ ਕਰ ਦਿੱਤੀ ਗਈ ਸੀ। ਚਿੜੀਆਘਰ ਦੇ ਇਹ ਜਾਨਵਰ ਕਿਸੇ ਵਾਇਰਸ ਪੀੜਤ ਪਰ ਲੱਛਣ ਨਾ ਦਿਖਾਉਣ ਵਾਲੇ ਸਟਾਫ ਮੈਂਬਰ ਦੁਆਰਾ ਸੰਕਰਮਿਤ ਹੋਏ ਮੰਨੇ ਜਾਂਦੇ ਹਨ। ਚਿੜੀਆਘਰ ਪ੍ਰਬੰਧਕਾਂ ਅਨੁਸਾਰ ਦੋਵੇਂ ਪੀੜਤ ਗੋਰਿੱਲੇ ਸਿਹਤ ਪੱਖੋਂ ਠੀਕ ਹਨ। ਪਾਰਕ ਦੀ ਕਾਰਜਕਾਰੀ ਨਿਰਦੇਸ਼ਕ, ਲੀਜ਼ਾ ਪੀਟਰਸਨ ਅਨੁਸਾਰ ਇਹਨਾਂ ਦੇ ਸੰਪਰਕ ਵਿੱਚ ਆਏ ਅੱਠ ਗੋਰਿੱਲਾ ਜਾਨਵਰਾਂ ਨੂੰ ਇਹ ਵਾਇਰਸ ਹੋਣ ਦਾ ਡਰ ਹੈ ਹਾਲਾਂਕਿ ਉਨ੍ਹਾਂ ਦਾ ਧਿਆਨ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ । ਇਹ ਮੰਨਿਆ ਜਾਂਦਾ ਹੈ ਕਿ ਗੋਰਿੱਲਾ ਜਾਨਵਰਾਂ ਵਿੱਚ ਕੋਰੋਨਾ ਵਾਇਰਸ ਹੋਣ ਦੀ ਇਹ ਪਹਿਲੀ ਉਦਾਹਰਣ ਹੈ ਜਦਕਿ ਨਿਊਯਾਰਕ ਦੇ ਬ੍ਰੌਨਕਸ ਚਿੜੀਆਘਰ ਵਿੱਚ ਇੱਕ ਸ਼ੇਰ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਟੈਸਟ ਪਾਜ਼ੀਟਿਵ ਆਇਆ ਸੀ।
Total Responses : 875