ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ),17 ਜਨਵਰੀ 2021 - ਕੈਲੀਫੋਰਨੀਆਂ ਸੂਬੇ ਵਿੱਚ ਫਾਸਟ ਫੂਡ ਕਾਮਿਆਂ ਨੇ ਸ਼ੁੱਕਰਵਾਰ ਨੂੰ ਸੈਕਰਾਮੈਂਟੋ, ਓਕਲੈਂਡ, ਲਾਸ ਏਂਜਲਸ ਅਤੇ ਦੇਸ਼ ਦੇ 13 ਹੋਰ ਸ਼ਹਿਰਾਂ ਵਿੱਚ ਇਕ ਰੋਜ਼ਾ ਹੜਤਾਲ ਕੀਤੀ , ਜਿਸ ਵਿੱਚ ਇਹਨਾਂ ਕਾਮਿਆਂ ਨੇ ਘੱਟੋ ਘੱਟ 15 ਡਾਲਰ ਪ੍ਰਤੀ ਘੰਟਾ ਰਾਸ਼ਟਰੀ ਤਨਖਾਹ ਦੀ ਮੁੱਖ ਮੰਗ ਕੀਤੀ। ਫਾਸਟ ਫੂਡ ਕਾਮਿਆਂ ਵੱਲੋਂ ਇਹ ਹੜਤਾਲ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੁਆਰਾ ਕੋਰੋਨਾਂ ਆਰਥਿਕ ਪੈਕੇਜ ਦੀ ਯੋਜਨਾ ਦੇ ਐਲਾਨ ਵਿੱਚ ਘੱਟੋ ਘੱਟ 15 ਡਾਲਰ ਪ੍ਰਤੀ ਘੰਟਾ ਉਜਰਤ ਦੀ ਗੱਲ ਕਰਨ ਦੇ ਬਾਅਦ ਕੀਤੀ ਗਈ ਹੈ।
ਅਮਰੀਕਾ ਵਿੱਚ ਮੌਜੂਦਾ ਸਮੇਂ ਕੇਂਦਰੀ ਘੱਟੋ ਘੱਟ ਉਜਰਤ 7.25 ਡਾਲਰ ਪ੍ਰਤੀ ਘੰਟਾ ਹੈ, ਜਦੋਂ ਕਿ ਕੈਲੀਫੋਰਨੀਆਂ ਵਿੱਚ ਵੱਡੇ ਮਾਲਕਾਂ ਲਈ ਘੱਟੋ ਘੱਟ ਤਨਖਾਹ 14 ਡਾਲਰ ਪ੍ਰਤੀ ਘੰਟਾ ਅਤੇ ਛੋਟੇ ਲੋਕਾਂ ਲਈ 13 ਡਾਲਰ ਪ੍ਰਤੀ ਘੰਟਾ ਹੈ। ਕੈਲੀਫੋਰਨੀਆਂ ਲਗਾਤਾਰ ,ਸਾਲ 2016 ਵਿੱਚ ਗਵਰਨਰ ਜੈਰੀ ਬ੍ਰਾਊਨ ਦੁਆਰਾ ਹਸਤਾਖਰ ਕੀਤੇ ਗਏ ਇੱਕ ਕਾਨੂੰਨ ਦੇ ਤਹਿਤ 2023 ਤੱਕ ਘੱਟੋ ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਨ ਵੱਲ ਵਧ ਰਿਹਾ ਹੈ ,ਪਰ ਸੈਕਰਾਮੈਂਟੋ ਵਿਚ ਹਿੱਸਾ ਲੈਣ ਵਾਲੇ ਕਾਮਿਆਂ ਅਨੁਸਾਰ ਉਨ੍ਹਾਂ ਦੀ ਲਹਿਰ ਉੱਚ ਤਨਖਾਹ ਲਈ ਲੜਨ ਤੋਂ ਇਲਾਵਾ ਕੰਮ ਦੀਆਂ ਸ਼ਰਤਾਂ ਲਈ ਵੀ ਹੈ।
ਇਸ ਹੜਤਾਲ ਦੌਰਾਨ ਸੈਕਰਾਮੈਂਟੋ ਬਰਗਰ ਕਿੰਗ ਦੇ ਕਾਮੇ ਅਤੇ ਨੇਤਾ ਰੋਸਾਨਾ ਸੈਂਟੀਲਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਾਸਟ ਫੂਡ ਕਾਮੇ 15 ਡਾਲਰ ਪ੍ਰਤੀ ਘੰਟਾ ਉਜ਼ਰਤ ਅਤੇ ਯੂਨੀਅਨ ਦੇ ਹੱਕਾਂ ਦੀ ਪ੍ਰਾਪਤੀ ਹੋਣ ਤੱਕ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸਦੇ ਇਲਾਵਾ ਕਾਮਿਆਂ ਅਤੇ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਇੱਕ ਬਿੱਲ ਦੀ ਘੋਸ਼ਣਾ ਕੀਤੀ ਜੋ ਕਿ ਵੱਡੇ ਫਾਸਟ ਫੂਡ ਚੇਨ ਰੈਸਟੋਰੈਂਟਾਂ ਵਿੱਚ ਕਾਮਿਆਂ ਲਈ ਇੱਕ ਯੋਗ ਮਿਆਰ ਤਿਆਰ ਕਰੇਗਾ।