Photo - USA TODAY
ਅਮਰੀਕਾ ਵਿਚ ਅਸਲੇ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜਨਵਰੀ 2021: ਅਮਰੀਕਾ ਵਿੱਚ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਇਸ ਹਫਤੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਰਾਜਧਾਨੀ ਵਾਸ਼ਿੰਗਟਨ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸੇ ਸੰਬੰਧੀ ਵਾਸ਼ਿੰਗਟਨ, ਡੀ.ਸੀ. ਵਿੱਚ ਪੁਲਿਸ ਨੇ ਇੱਕ ਵਰਜੀਨੀਆ ਨਾਲ ਸੰਬੰਧਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਸਮਾਰੋਹ ਦੇ ਇੱਕ ਨਕਲੀ ਪ੍ਰਮਾਣ ਪੱਤਰ, ਬਿਨ੍ਹਾਂ ਲਾਇਸੈਂਸ ਦੇ ਹੈਂਡਗਨ ਅਤੇ 500 ਤੋਂ ਵੱਧ ਗੋਲੀਆਂ ਸਮੇਤ ਇੱਕ ਸੁਰੱਖਿਆ ਚੌਕੀ ਤੋਂ ਲੰਘਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਰਿਪੋਰਟ ਦੇ ਅਨੁਸਾਰ ਵਰਜੀਨੀਆ ਦੇ ਫਰੰਟ ਰਾਇਲ ਵਾਸੀ 31 ਸਾਲਾ ਵੇਸਲੇ ਐਲਨ ਬੀਲਰ ਨੂੰ ਸ਼ੁੱਕਰਵਾਰ ਦੇ ਦਿਨ ਉਸਦੇ ਟਰੱਕ ਵਿੱਚੋਂ ਦੋ ਅਣ ਰਜਿਸਟਰਡ ਜੀ ਲਾਕ 9 ਐਮ.ਐਮ. ਹੈਂਡਗਨ, 509 ਰਾਉਂਡ 9 ਐਮ.ਐਮ ਗੋਲੀਆਂ, 12 ਸ਼ਾਟ ਗਨ ਸ਼ੈਲ ਅਤੇ ਇੱਕ 17 ਰਾਊਂਡ ਮੈਗਜ਼ੀਨ ਮਿਲਣ ਦੇ ਬਾਅਦ ਸ਼ਾਮ ਦੇ ਕਰੀਬ ਸਾਢੇ ਛੇ ਵਜੇ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦੁਆਰਾ ਪੁੱਛੇ ਜਾਣ ਤੇ ਬੀਲਰ ਨੇ ਮੰਨਿਆ ਕਿ ਉਹ ਸੈਂਟਰ ਆਰਮਰੇਸਟ ਵਿੱਚ ਇੱਕ ਸੈਮੀ-ਆਟੋਮੈਟਿਕ ਪਿਸਤੌਲ ਲੈ ਕੇ ਆਇਆ ਸੀ। ਉਸਨੇ ਦੱਸਿਆ ਕਿ ਸਮਾਰੋਹ ਤੋਂ ਪਹਿਲਾਂ ਉਸਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਵਿੱਚ ਇੱਕ ਸੁੱਰਖਿਆ ਏਜੰਸੀ ਵਿੱਚ ਕੰਮ ਕੀਤਾ ਹੈ ਅਤੇ ਉਹ ਵਰਜੀਨੀਆਂ ਤੋਂ ਆਪਣਾ ਘਰ ਛੱਡਣ ਵੇਲੇ ਟਰੱਕ ਵਿੱਚ ਹਥਿਆਰ ਹੋਣ ਬਾਰੇ ਭੁੱਲ ਗਿਆ ਸੀ। ਇਸ ਮਾਮਲੇ ਵਿੱਚ ਬੀਲਰ ਨੂੰ 16 ਜਨਵਰੀ ਦੇ ਦਿਨ ਡੀ.ਸੀ ਸੁਪੀਰੀਅਰ ਕੋਰਟ ਵਿੱਚ ਮੁਕੱਦਮੇ ਲਈ ਪੇਸ਼ ਕੀਤਾ ਗਿਆ ਸੀ ਜਿਸ ਦੌਰਾਨ ਉਸ ਉੱਤੇ ਰਜਿਸਟ੍ਰੇਸ਼ਨ ਤੋਂ ਬਿਨਾਂ ਹਥਿਆਰ ਰੱਖਣ ਸਮੇਤ ਪੰਜ ਜੁਰਮਾਂ ਦਾ ਦੋਸ਼ ਲਗਾਇਆ ਗਿਆ । ਫਿਲਹਾਲ ਉਸਨੂੰ ਹੁਣ ਰਿਹਾ ਕਰ ਦਿੱਤਾ ਗਿਆ ਹੈ ਪਰੰਤੂ ਉਸਦੇ ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਰਾਜਧਾਨੀ ਵਿੱਚ ਵਾਪਸ ਆਉਣ ਤੇ ਪਾਬੰਦੀ ਲਗਾਈ ਗਈ ਹੈ।