ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 26 ਜਨਵਰੀ 2021 - ਵਾਸ਼ਿੰਗਟਨ ਦੇ ਟਕੋਮਾ ਵਿੱਚ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਦੁਆਰਾ ਲੋਕਾਂ ਦੀ ਭੀੜ ਵਿੱਚ ਆਪਣੀ ਗਸ਼ਤ ਵਾਲੀ ਕਾਰ ਨਾਲ ਘੱਟੋ ਘੱਟ ਇਕ ਪੈਦਲ ਯਾਤਰੀ ਨੂੰ ਟੱਕਰ ਮਾਰੀ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਸ਼ਨੀਵਾਰ ਰਾਤ ਨੂੰ ਪੁਲਿਸ ਅਧਿਕਾਰੀ ਟਕੋਮਾ 'ਚ ਪੈਸੀਫਿਕ ਐਵੀਨਿਊ ਦੇ ਚੌਰਾਹੇ ਵਿੱਚ ਵਾਪਰੀ ਇੱਕ ਘਟਨਾ ਦੇ ਸੰਬੰਧੀ ਰਿਪੋਰਟ ਮਿਲਣ ਦੇ ਬਾਅਦ ਤਕਰੀਬਨ ਸ਼ਾਮ 6 ਵਜੇ ਕਾਰਵਾਈ ਲਈ ਪਹੁੰਚੇ।
ਪੁਲਿਸ ਅਨੁਸਾਰ ਅਧਿਕਾਰੀਆਂ ਦੇ ਉੱਥੇ ਪਹੁੰਚਣ ਤੇ ਕਈ ਵਾਹਨ ਅਤੇ ਮੌਜੂਦ 100 ਦੇ ਕਰੀਬ ਲੋਕ ਲਾਂਘਾ ਰੋਕ ਰਹੇ ਸਨ। ਇਸ ਉਪਰੰਤ ਅਧਿਕਾਰੀਆਂ ਦੁਆਰਾ ਭੀੜ ਕੋਲੋਂ, ਲਾਂਘੇ ਨੂੰ ਖੋਲ੍ਹਣ ਦੀ ਕਾਰਵਾਈ ਕੀਤੀ ਗਈ ਪਰ ਪੁਲਿਸ ਅਨੁਸਾਰ ਇਸ ਕਾਰਵਾਈ ਦੌਰਾਨ ਲੋਕਾਂ ਦੀ ਭੀੜ ਨੇ ਇੱਕ ਪੁਲਿਸ ਵਾਹਨ ਨੂੰ ਅਧਿਕਾਰੀ ਸਮੇਤ ਇੱਕ ਗਲੀ ਵਿੱਚ ਘੇਰ ਲਿਆ ।ਇਸ ਦੌਰਾਨ ਭੀੜ ਕੋਲੋਂ ਆਪਣੀ ਸੁਰੱਖਿਆ ਕਰਨ ਲਈ ਕਾਰ ਵਿਚਲੇ ਅਧਿਕਾਰੀ ਨੇ ਬੈਕਅਪ ਲੈਣ ਦੀ ਕੋਸ਼ਿਸ਼ ਕੀਤੀ ਪਰ ਭੀੜ ਕਾਰਨ ਉਹ ਅਜਿਹਾ ਕਰਨ ਵਿੱਚ ਅਸਮਰਥ ਸੀ ,ਇਸ ਲਈ ਉਸਨੇ ਕਾਰ ਭਜਾਉਣ ਦੀ ਕੋਸ਼ਿਸ਼ ਵਿੱਚ ਘੱਟੋ ਘੱਟ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਦੇ ਬਿਆਨ ਅਨੁਸਾਰ ਇਹ ਅਧਿਕਾਰੀ ਫਿਰ ਅੱਗੇ ਜਾ ਕੇ ਰੁਕਿਆ ਅਤੇ ਡਾਕਟਰੀ ਸਹਾਇਤਾ ਬੁਲਾ ਕੇ ਪੀੜਤ ਨੂੰ ਖੇਤਰ ਦੇ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੇ ਸੰਬੰਧ ਵਿੱਚ ਸ਼ੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਪਾਈਆਂ ਗਈਆਂ ਵੀਡੀਓਜ਼ ਵਿੱਚ ਪੁਲਿਸ ਦੀ ਕਾਰ ਦੁਆਰਾ ਭੀੜ ਵਿੱਚ ਲੋਕਾਂ ਨੂੰ ਟੱਕਰ ਮਾਰਦੇ ਦਿਖਾਇਆ ਗਿਆ ਹੈ। ਪੁਲਿਸ ਅਨੁਸਾਰ ਇਸ ਘਟਨਾ ਦੀ ਜਾਂਚ ਪਿਅਰਸ ਕਾਉਂਟੀ ਫੋਰਸ ਇਨਵੈਸਟੀਗੇਸ਼ਨ ਟੀਮ ਦੇ ਦੁਆਰਾ ਕੀਤੀ ਜਾਵੇਗੀ।