ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 27 ਜਨਵਰੀ 2021 - ਅਮਰੀਕਾ ਦੇ ਮਿਨੇਸੋਟਾ ਵਿੱਚ ਬ੍ਰਾਜ਼ੀਲ ਨਾਲ ਸੰਬੰਧਿਤ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸਥਾਨਕ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਮਿਨੇਸੋਟਾ ਵਿੱਚ ਬ੍ਰਾਜ਼ੀਲੀਅਨ ਕੋਰੋਨਾ ਵਾਇਰਸ ਵੇਰੀਐਂਟ ਦਾ ਸਭ ਤੋਂ ਪਹਿਲਾਂ ਜਾਣਿਆ ਗਿਆ ਕੇਸ ਪਾਇਆ ਗਿਆ ਹੈ।ਮਿਨੇਸੋਟਾ ਦੇ ਸਿਹਤ ਵਿਭਾਗ(ਐਮ ਡੀ ਐਚ) ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਵਾਇਰਸ ਦੇ ਇਸ ਰੂਪ ਦਾ ਇਹ ਮਾਮਲਾ ਟਵਿਨ ਸਿਟੀਜ਼ ਦੇ ਵਸਨੀਕ ਵਿੱਚ ਪਾਇਆ ਗਿਆ ਹੈ, ਜਿਸਨੇ ਕਿ ਹਾਲ ਹੀ ਵਿੱਚ ਬ੍ਰਾਜ਼ੀਲ ਦੀ ਯਾਤਰਾ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਪੀੜਤ ਵਿਅਕਤੀ ਜਨਵਰੀ ਦੇ ਪਹਿਲੇ ਹਫ਼ਤੇ ਬਿਮਾਰ ਹੋਣ ਲੱਗ ਪਿਆ ਸੀ ਅਤੇ ਅਧਿਕਾਰੀਆਂ ਦੁਆਰਾ 9 ਜਨਵਰੀ ਨੂੰ ਉਸਦਾ ਵਾਇਰਸ ਲਈ ਪਾਜੀਟਿਵ ਟੈਸਟ ਕੀਤਾ ਸੀ। ਇਹ ਕੇਸ ਐਮ ਡੀ ਐਚ ਦੁਆਰਾ ਇੱਕ ਕੀਤੀ ਜਾਂਦੀ ਇੱਕ ਹਫਤਾਵਰੀ ਜਾਂਚ ਦੁਆਰਾ ਖੋਜਿਆ ਗਿਆ ਸੀ। ਸਿਹਤ ਮਾਹਿਰਾਂ ਅਨੁਸਾਰ ਵਾਇਰਸ ਦਾ ਇਹ ਰੂਪ ਵੀ ਪਿਛਲੇ ਦਿਨੀ ਸਾਹਮਣੇ ਆਏ ਯੂਕੇ ਵਾਇਰਸ ਵਾਂਗ ਹੀ ਜਿਆਦਾ ਤੇਜੀ ਨਾਲ ਫੈਲਦਾ ਹੈ। ਜਿਕਰਯੋਗ ਹੈ ਕਿ ਜੋਨਜ਼ ਹਾਪਕਿਨਜ਼ ਦੇ ਅੰਕੜਿਆਂ ਅਨੁਸਾਰ ਯੂ ਐਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕੋਵਿਡ-19 ਦੇ 25 ਮਿਲੀਅਨ ਮਾਮਲਿਆਂ ਨੂੰ ਪਾਰ ਕਰਨ ਦੇ ਨਾਲ ਤਕਰੀਬਨ 421,000 ਮੌਤਾਂ ਨੂੰ ਵੀ ਦਰਜ਼ ਕੀਤਾ ਹੈ।