ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 27 ਜਨਵਰੀ 2021 - ਅਮਰੀਕੀ ਸੂਬੇ ਓਰੇਗਨ ਦੇ ਪੋਰਟਲੈਂਡ ਵਿੱਚ ਇੱਕ ਕਾਰ ਸਵਾਰ ਦੁਆਰਾ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰਨ ਦੀ ਘਟਨਾ ਵਾਪਰੀ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪੋਰਟਲੈਂਡ, ਓਰੇਗਨ ਵਿੱੱਚ ਇੱਕ ਡਰਾਈਵਰ ਦੁਆਰਾ ਕੀਤੇ ਇੱਕ ਤੋਂ ਜ਼ਿਆਦਾ ਹਾਦਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੇ ਨਾਲ ਘੱਟੋ ਘੱਟ ਪੰਜ ਹੋਰ ਜ਼ਖਮੀ ਹੋ ਗਏ ਹਨ।ਪੋਰਟਲੈਂਡ ਪੁਲਿਸ ਬਿਊਰੋ ਅਨੁਸਾਰ ਅਧਿਕਾਰੀਆਂ ਨੂੰ ਸੋਮਵਾਰ ਦੁਪਹਿਰ ਇੱਕ ਹਿੱਟ-ਐਂਡ-ਰਨ ਦੀ ਘਟਨਾ ਬਾਰੇ ਸੂਚਨਾ ਪ੍ਰਾਪਤ ਹੋਈ , ਜਿਸਦੀ ਕਾਰਵਾਈ ਦੌਰਾਨ ਹੀ ਅਧਿਕਾਰੀਆਂ ਨੂੰ ਇੱਕ ਹੋਰ ਹਾਦਸਾ ਜਿਸ ਵਿੱਚ ਪੈਦਲ ਲੋਕਾਂ ਨੂੰ ਉਸੇ ਹੀ ਕਾਰ ਸਿਲਵਰ ਹੌਂਡਾ ਦੁਆਰਾ ਟੱਕਰ ਮਾਰਨ ਦੀ ਖਬਰ ਮਿਲੀ।
ਪੁਲਿਸ ਬੁਲਾਰੇ ਡੇਰਿਕ ਕਾਰਮਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਲਾਕ 15 ਦੇ ਖੇਤਰ ਵਿੱਚ ਵਾਪਰਿਆ ਇਹ ਇੱਕ ਵੱਡਾ ਹਾਦਸਾ ਹੈ ਅਤੇ ਵਾਹਨ ਦੇ ਦੂਜੀ ਵਾਰ ਟੱਕਰ ਮਾਰਨ ਤੇ ਡਰਾਈਵਰ ਨੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਲੋਕਾਂ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੇ ਪੀੜਤ ਛੇ ਵਿਅਕਤੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇੱੱਕ ਪੀੜਤ ਦੀ ਮੌਤ ਹੋ ਗਈ ਜਦਕਿ ਪੁਲਿਸ ਦੁਆਰਾ ਇਸ ਹਾਦਸੇ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਜਾਰੀ ਹੈ।