ਅਮਰੀਕਾ: ਐਫ.ਡੀ.ਏ ਦਾ ਦਾਅਵਾ,ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਸ਼ਾਟ ਕੋਰੋਨਾ ਵੈਕਸੀਨ ਹੈ ਪ੍ਰਭਾਵਸ਼ਾਲੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 24 ਫਰਵਰੀ 2021: ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਵਿੱਚ ਵੈਕਸੀਨ ਕੰਪਨੀ ਜੌਹਨਸਨ ਐਂਡ ਜੌਹਨਸਨ ਅਤੇ ਅਮਰੀਕੀ ਸੰਸਥਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ( ਐਫ.ਡੀ.ਏ ) ਨੇ ਬੁੱਧਵਾਰ ਨੂੰ ਕੰਪਨੀ ਦੀ ਸਿੰਗਲ ਸ਼ਾਟ ਕੋਵਿਡ -19 ਵੈਕਸੀਨ ਬਾਰੇ ਇੱਕ ਵਿਸਤ੍ਰਿਤ ਵਿਸ਼ਲੇਸ਼ਣ ਜਾਰੀ ਕੀਤਾ। ਜਿਸਦੇ ਸੰਬੰਧ ਵਿੱਚ ਐਫ .ਡੀ .ਏ ਅਨੁਸਾਰ ਇਹ ਟੀਕਾ ਸੰਕਟਕਾਲੀ ਵਰਤੋਂ ਦੀ ਅਧਿਕਾਰਤ ਸਮੀਖਿਆ ਪ੍ਰਕਿਰਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਸ ਕੰਪਨੀ ਦਾ ਟੀਕਾ ਫਿਲਹਾਲ ਸ਼ੁੱਕਰਵਾਰ ਜਾਂ ਇਸਦੇ ਬਾਅਦ ਤੱਕ ਅਧਿਕਾਰਤ ਨਹੀਂ ਹੋਵੇਗਾ।
ਇਸ ਟੀਕੇ ਲਈ ਸ਼ੁੱਕਰਵਾਰ ਨੂੰ ਇੱਕ ਜਨਤਕ ਸੁਣਵਾਈ ਹੋਵੇਗੀ, ਜਿਸ ਵਿੱਚ ਐਫ.ਡੀ.ਏ ਦੀ ਸੁਤੰਤਰ ਸਲਾਹਕਾਰ ਕਮੇਟੀ ਇਸਦੇ ਵਿਰੁੱਧ ਜਾਂ ਇਸਨੂੰ ਅਧਿਕਾਰਤ ਕਰਨ ਲਈ ਸਿਫਾਰਸ਼ ਕਰੇਗੀ। ਜਿਸ ਉਪਰੰਤ ਐਫ.ਡੀ.ਏ ਸ਼ੁੱਕਰਵਾਰ ਨੂੰ ਜਲਦੀ ਤੋਂ ਜਲਦੀ ਆਪਣਾ ਫੈਸਲਾ ਲੈ ਸਕਦਾ ਹੈ। ਜੇਕਰ ਇਸ ਕੰਪਨੀ ਦਾ ਟੀਕਾ ਅਧਿਕਾਰਤ ਹੁੰਦਾ ਹੈ ਤਾਂ ਜੌਹਨਸਨ ਐਂਡ ਜੌਹਨਸਨ ਦੀਆਂ ਮਾਰਚ ਤੱਕ 20 ਮਿਲੀਅਨ ਅਤੇ ਜੂਨ ਦੇ ਅੰਤ ਤੱਕ 100 ਮਿਲੀਅਨ ਖੁਰਾਕਾਂ ਪ੍ਰਾਪਤ ਹੋ ਸਕਦੀਆਂ ਹਨ। ਸੰਸਥਾ ਅਨੁਸਾਰ ਇਸ ਟੀਕੇ ਸੰਬੰਧੀ ਜਾਰੀ ਕੀਤਾ ਗਿਆ ਅੰਕੜਾ ਦਰਸਾਉਂਦਾ ਹੈ ਕਿ ਇਹ ਸਿੰਗਲ ਸ਼ਾਟ ਟੀਕਾ ਵਾਇਰਸ ਦੇ ਸਾਰੇ ਰੂਪਾਂ ਵਿਰੁੱਧ ਕੰਮ ਕਰਦਾ ਹੈ।