ਐਨ ਐਫ ਐਲ ਨੇ ਕਾਲੇ ਮੂਲ ਦੀ ਪਹਿਲੀ ਮਹਿਲਾ ਨੂੰ ਖੇਡ ਰੈਫਰੀ ਵਜੋਂ ਚੁਣਿਆ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 7 ਮਾਰਚ 2021
ਅਮਰੀਕਾ ਵਿੱਚ ਨੈਸ਼ਨਲ ਫੁੱਟਬਾਲ ਲੀਗ (ਐਨ ਐਫ ਐਲ) ਨੇ ਕਾਲੇ ਮੂਲ ਦੀ ਪਹਿਲੀ ਮਹਿਲਾ ਨੂੰ ਰੈਫਰੀ ਦੇ ਤੌਰ 'ਤੇ ਚੁਣਿਆ ਹੈ।ਇਸ ਸੰਬੰਧੀ ਐਨ ਐਫ ਐਲ ਨੇ ਮਾਈਆ ਚਾਕਾ ਨਾਮ ਦੀ ਬਲੈਕ ਮੂਲ ਦੀ ਮਹਿਲਾ ਨੂੰ ਖੇਡ ਰੈਫਰੀ ਵਜੋਂ ਅਧਿਕਾਰਿਤ ਕੀਤਾ ਹੈ। ਆਪਣੀ ਇਸ ਪ੍ਰਾਪਤੀ ਬਾਰੇ ਬੋਲਦਿਆਂ ਚਾਕਾ ਨੇ ਕਿਹਾ ਕਿ "ਨੈਸ਼ਨਲ ਫੁੱਟਬਾਲ ਲੀਗ ਵਿੱਚ ਸ਼ਾਮਿਲ ਹੋਣਾ , ਇੱਕ ਮਾਣ ਦੀ ਗੱਲ ਹੈ।" ਸੋਮਵਾਰ ਨੂੰ ਉਸਦੀ ਨਿਯੁਕਤੀ ਬਾਰੇ ਆਏ ਫੋਨ ਤੋਂ ਬਾਅਦ ਚਾਕਾ ਅਨੁਸਾਰ ਉਸਨੇ ਇਸ ਦਿਨ ਦੇ ਆਉਣ ਬਾਰੇ ਕਦੇ ਸੋਚਿਆ ਨਹੀਂ ਸੀ।ਚਾਕਾ 2014 ਤੋਂ ਐਨ ਐਫ ਐਲ ਨਾਲ ਸਿਖਲਾਈ ਲੈ ਰਹੀ ਹੈ ਅਤੇ ਉਸਨੇ ਐਕਸ ਐਫ ਐਲ ਅਤੇ ਕਾਲਜ ਦੀਆਂ ਖੇਡਾਂ ਵਿੱਚ ਵੀ ਕੰਮ ਕੀਤਾ ਹੈ। ਚਾਕਾ ਅਨੁਸਾਰ ਇੱਕ ਚੰਗੇ ਰੈਫਰੀ ਨੂੰ ਸਬਰ ਰੱਖਣ ਦੇ ਨਾਲ, ਸੁਣਨ ਦੇ ਯੋਗ ਹੋਣਾ ਚਾਹੀਦਾ ਹੈ ।ਵਰਜੀਨੀਆ ਬੀਚ ਤੇ ਨੌਜਵਾਨਾਂ ਲਈ ਸਰੀਰਕ ਸਿੱਖਿਆ ਅਤੇ ਸਿਹਤ ਅਧਿਆਪਕ, ਚਾਕਾ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਸ ਦੀ ਨਵੀਂ ਭੂਮਿਕਾ ਉਸ ਦੇ ਵਿਦਿਆਰਥੀਆਂ ਨੂੰ ਕਿਸੇ ਚੀਜ਼ ਦੇ ਜਨੂੰਨ ਨੂੰ ਨਾਂ ਰੋਕਣ ਦੀ ਸਿੱਖਿਆ ਮਿਲੇਗੀ।ਚਾਕਾ ਐਨ ਐਫ ਐਲ ਦੀ ਦੂਜੀ ਮਹਿਲਾ ਰੈਫਰੀ ਹੈ। ਇਸ ਤੋਂ ਪਹਿਲਾਂ ਸਾਰਾਹ ਥੌਮਸ ਨੂੰ 2015 ਵਿੱਚ ਐਨ ਐਫ ਐਲ ਵਿੱਚ ਪਹਿਲੀ ਪੂਰੇ ਸਮੇਂ ਦੀ ਮਹਿਲਾ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਫਰਵਰੀ ਵਿੱਚ, ਉਹ ਸੁਪਰ ਬਾਉਲ ਵਿੱਚ ਕੰਮ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ ਸੀ।