ਗੁਰਿੰਦਰਜੀਤ ਨੀਟਾ ਮਾਛੀਕੇ
- “ਕੋਵਿੰਡ-19 ਵੈਕਸੀਨ ਫਰੀ ਦਿੱਤੀ ਗਈ”
ਫਰਿਜ਼ਨੋ,( ਕੈਲੀਫੋਰਨੀਆ), 9 ਮਾਰਚ 2021 - ਸਮੁੱਚੇ ਭਾਰਤ ਦੀ ਸੰਸਕ੍ਰਿਤੀ ਅੰਦਰ ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਾਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਤੀਕਾਰੀ ਸ੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 644 ਵਾਂ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ, ਚੈਰੀ ਐਵਨਿਉ, ਫਰਿਜ਼ਨੋ ਵਿਖੇ ਮਨਾਇਆ ਗਿਆ। ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰੂਹਾਨੀ ਗੁਰਮਤਿ ਵਿਚਾਰਾ ਹੋਈਆ ਅਤੇ ਕੀਰਤਨ ਦੀਵਾਨ ਸਜੇ। ਜਿਸ ਵਿੱਚ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਰਾਮ ਸਿੰਘ ਜੀ ਅਤੇ ਕੀਰਤਨੀ ਜੱਥੇ ਤੋਂ ਇਲਾਵਾ ਬਹੁਤ ਸਾਰੇ ਕੀਰਤਨੀ ਜੱਥਿਆਂ ਨੇ ਗੁਰਮਤਿ ਵਿਚਾਰਾ ਅਤੇ ਕੀਰਤਨ ਰਾਹੀਂ ਹਾਜ਼ਰੀ ਭਰੀ।
ਰਾਜ ਬਰਾੜ ਯਮਲਾ ਨੇ ਵੀ ਗੁਰੂ ਜੀ ਦੀ ਸੋਭਾ ਦੇ ਗੁਣ ਗਾਇਨ ਕੀਤੇ। ਇਸ ਸਮਾਗਮ ਦੌਰਾਨ ਸਮੁੱਚੇ ਅਮਰੀਕਾ ਤੋਂ ਪਹੁੰਚੇ ਵੱਖ-ਵੱਖ ਗੁਰੂਘਰਾਂ ਦੇ ਪ੍ਰਤੀਨਿਧੀਆਂ ਨੇ ਸਟੇਜ਼ ਤੋਂ ਧਾਰਮਿਕ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਵਿਚਾਰਾ ਦੀ ਸਾਂਝ ਪਾਈ। ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਾਹਰਲੇ ਗੁਰੂਘਰਾਂ ਤੋਂ ਆਏ ਬੁਲਾਰੇ ਅਤੇ ਸਥਾਨਿਕ ਸੇਵਾਦਾਰਾਂ ਨੂੰ ਧਾਰਮਿਕ ਅਤੇ ਭਾਈਚਾਰਕ ਸੇਵਾਵਾ ਬਦਲੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਸੇਵਾ ਦੇਸਰਾਜ ਬੰਗੜ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਤਿੰਨੇ ਦਿਨ ਸਾਮ ਦੇ ਦੀਵਾਨ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਗੁਰੂਘਰ ਵਿੱਚ ਇਸ ਸਮੇਂ ਖੂਨਦਾਨ ਅਤੇ ਮੈਡੀਕਲ ਚੈੱਕਅੱਪ ਕੈਂਪ ਵੀ ਲਾਇਆ ਗਿਆ ਸੀ।
ਜਿਸ ਵਿੱਚ ‘ਵੈਲੀ ਹੈਲਥ ਟੀਮ’ ਦੇ ਮੈਡੀਕਲ ਸਟਾਫ ਵੱਲੋਂ ਡਾ. ਸਤਨਾਮ ਸਿੰਘ ਬੰਗੜ ਦੀ ਅਗਵਾਈ ਅਧੀਨ ਕੋਵਿੰਡ-19 ਦੀ ਵੈਕਸੀਨ ਵੀ ਹਾਜ਼ਰ ਸੰਗਤਾਂ ਨੂੰ ਫਰੀ ਦਿੱਤੀ ਗਈ। ਸਮੁੱਚੇ ਪ੍ਰੋਗਰਾਮ ਦੇ ਪ੍ਰਬੰਧਕਾਂ ਵਿੱਚ ਗੁਰੂਘਰ ਦੀ ਪ੍ਰਬੰਧਕ ਕਮੇਟੀ ਅਤੇ ਸਾਧ-ਸੰਗਤ ਨੇ ਵੱਧ ਚੜ ਕੇ ਹਿੱਸਾ ਲਿਆ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸੰਗਤਾਂ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜੀਆਂ।
ਸਮੁੱਚੇ ਤੌਰ ‘ਤੇ ਇਹ ਸਮਾਗਮ ਦੀ ਹਮੇਸਾ ਵਾਂਗ ਇਹ ਵਿਸ਼ੇਸ਼ ਮਹਾਨਤਾ ਰਹੀ ਕਿ ਜਾਤ-ਪਾਤ ਦੇ ਵਿਤਕਰੇ ਤੋਂ ਉਪਰ ਉੱਠ ਕੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਇਸ ਨੂੰ ਬਹੁਤ ਹੀ ਸਰਧਾ ਅਤੇ ਸਦਭਾਵਨਾ ਨਾਲ ਮਨਾਇਆ ਗਿਆ।