ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 08 ਅਪ੍ਰੈਲ 2021 - ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਸੜਕ ਤੇ ਹੋਈ ਗੋਲੀਬਾਰੀ ਦੌਰਾਨ ਅਧਿਕਾਰੀਆਂ ਅਨੁਸਾਰ ਤਕਰੀਬਨ ਇੱਕ ਸਾਲ ਦਾ ਬੱਚਾ ਸਿਰ 'ਚ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਇਹ ਗੋਲੀਬਾਰੀ ਮੰਗਲਵਾਰ ਸਵੇਰੇ 11 ਵਜੇ ਲੇਕ ਸ਼ੋਰ ਡਰਾਈਵ ਤੇ ਹੋਈ।
ਸ਼ਿਕਾਗੋ ਪੁਲਿਸ ਵਿਭਾਗ ਦੇ ਜੇਕ ਐਲਡਰਡਨ ਨੇ ਘਟਨਾ ਤੋਂ ਕੁੱਝ ਘੰਟਿਆਂ ਬਾਅਦ ਦੱਸਿਆ ਕਿ ਐਕਸਪ੍ਰੈਸ ਵੇਅ ਦੇ ਲੱਗਭਗ ਦੋ ਬਲਾਕਾਂ ਨਾਲ ਹੋਈ ਗੋਲੀਬਾਰੀ ਦੌਰਾਨ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਅਤੇ ਘਟਨਾ ਸਥਾਨ ਤੇ ਕਈ ਸ਼ੈਲ ਬਰਾਮਦ ਕੀਤੇ ਗਏ। ਐਲਡਰਡਨ ਨੇ ਕਿਹਾ ਕਿ ਇਹ ਘਟਨਾ ਸੰਭਵ ਤੌਰ ਤੇ ਕਿਸੇ ਨੂੰ ਟ੍ਰੈਫਿਕ ਦੀ ਇੱਕ ਲੇਨ ਵਿੱਚ ਨਾ ਆਉਣ ਦੇਣ ਉੱਤੇ ਹੋਏ ਵਿਵਾਦ ਕਰਕੇ ਹੋਈ ਸੀ।
ਪੁਲਿਸ ਨੇ ਦੱਸਿਆ ਕਿ ਬੱਚੇ ਨੂੰ ਗੋਲੀ ਲੱਗਣ ਉਪਰੰਤ ਉੱਤਰ ਪੱਛਮੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਉੱਥੋਂ ਉਸਨੂੰ ਲੂਰੀ ਚਿਲਡਰਨ ਹਸਪਤਾਲ ਵਿਖੇ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕਰੈਸ਼ ਹੋਈ ਕਾਰ ਵਿਚੋਂ ਇੱਕ ਹੈਂਡਗਨ ਬਰਾਮਦ ਕੀਤੀ ਹੈ । ਮੇਅਰ ਲੋਰੀ ਲਾਈਟਫੁੱਟ ਅਨੁਸਾਰ ਜਾਸੂਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਦੂਸਰੀ ਕਾਰ ਦੀ ਵੀ ਸਰਗਰਮੀ ਨਾਲ ਭਾਲ ਕਰ ਰਹੇ ਹਨ। ਇਸਦੇ ਇਲਾਵਾ ਸ਼ਿਕਾਗੋ ਕਮਿਊਨਿਟੀ ਦੇ ਇੱਕ ਕਾਰਕੁੰਨ ਜੈਮਲ ਗ੍ਰੀਨ, ਵੱਲੋਂ ਬੰਦੂਕਧਾਰੀ ਦੀ ਗ੍ਰਿਫਤਾਰੀ ਵਾਸਤੇ ਜਾਣਕਾਰੀ ਲਈ 5000 ਡਾਲਰ ਦਾ ਇਨਾਮ ਪੇਸ਼ ਕੀਤਾ ਜਾ ਰਿਹਾ ਹੈ।