ਟੈਕਸਾਸ ਵਿੱਚ ਹੋਈ ਗੋਲੀਬਾਰੀ ਨੇ ਲਈ ਤਿੰਨ ਵਿਅਕਤੀਆਂ ਦੀ ਜਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਅਪ੍ਰੈਲ 2021: ਟੈਕਸਾਸ ਦੇ ਆਸਟਿਨ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਹ ਘਟਨਾ ਗ੍ਰੇਟ ਹਿਲਜ਼ ਟਰਾਇਲ ਦੇ 9600 ਬਲਾਕ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 11:40 ਵਜੇ ਵਾਪਰੀ। ਇਸ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ, ਤਾਂ ਇੱਕ ਅਪਾਰਟਮੈਂਟ ਦੀ ਇਮਾਰਤ ਦੇ ਬਾਹਰ ਦੋ ਔਰਤਾਂ ਅਤੇ ਇੱਕ ਆਦਮੀ ਗੋਲੀ ਲੱਗਣ ਕਾਰਨ ਮ੍ਰਿਤਕ ਮਿਲੇ। ਆਸਟਿਨ ਪੁਲਿਸ ਦੇ ਪੁਲਿਸ ਮੁਖੀ ਜੋਸੇਫ ਚਾਕਨ ਅਨੁਸਾਰ ਕਥਿਤ ਸ਼ੱਕੀ, ਸਟੀਫਨ ਨਿਕੋਲਸ ਬਰੂਡਰਿਕ (41) ਅਜੇ ਵੀ ਹਿਰਾਸਤ ਤੋਂ ਬਾਹਰ ਹੈ। ਚਾਕਨ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਅਧਿਕਾਰੀ ਸੁਰਾਗ ਦੀ ਭਾਲ ਕਰ ਰਹੇ ਹਨ, ਪਰ ਪੁਸ਼ਟੀ ਕੀਤੀ ਗਈ ਕਿ ਗੋਲੀਬਾਰੀ ਘਰੇਲੂ ਕਿਸਮ ਦੀ ਹੈ ਅਤੇ ਸ਼ੱਕੀ ਵਿਅਕਤੀ ਨੇ ਕਥਿਤ ਤੌਰ 'ਤੇ ਤਿੰਨ ਪੀੜਤਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਹਮਲਾਵਰ ਟ੍ਰੈਵਿਸ ਕਾਉਂਟੀ ਸ਼ੈਰਿਫ ਵਿਭਾਗ ਵਿੱਚ ਇੱਕ ਸਾਬਕਾ ਡਿਪਟੀ ਸੀ। ਪੁਲਿਸ ਵਿਭਾਗ ਇਸ ਖੇਤਰ ਵਿੱਚ ਹਮਲਾਵਰ ਭਾਲ ਵਿੱਚ ਹੈ ਅਤੇ ਇਸ ਮਾਮਲੇ ਵਿੱਚ ਐਫ ਬੀ ਆਈ ਜਾਂਚ ਵਿੱਚ ਸਹਾਇਤਾ ਕਰ ਰਿਹਾ ਹੈ।