ਅਮਰੀਕਾ ਵਿੱਚ ਪੁਲਿਸ ਦੀ ਗੋਲੀਬਾਰੀ ਨੇ ਲਈ ਕਾਲੇ ਮੂਲ ਦੇ ਵਿਅਕਤੀ ਦੀ ਜਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਅਪ੍ਰੈਲ 2021: ਉੱਤਰੀ ਕੈਰੋਲਿਨਾ ਵਿੱਚ ਬੁੱਧਵਾਰ ਨੂੰ ਇੱਕ ਸ਼ੈਰਿਫ ਡਿਪਟੀ ਨੇ ਸਰਚ ਵਾਰੰਟ 'ਤੇ ਕਾਰਵਾਈ ਕਰਦੇ ਸਮੇਂ ਇੱਕ ਕਾਲੇ ਵਿਅਕਤੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਗੋਲੀਬਾਰੀ ਸਵੇਰੇ ਕਰੀਬ ਸਾਢੇ ਅੱਠ ਵਜੇ ਵਾਪਰੀ । ਇਸ ਦੌਰਾਨ ਪਾਸਕੋਕਟੈਂਕ ਕਾਉਂਟੀ ਸ਼ੈਰਿਫ ਦਫਤਰ ਨੇ ਦੱਸਿਆ ਕਿ ਅਧਿਕਾਰੀ ਨੇ ਐਲਿਜਾਬੈਥ ਸਿਟੀ ਜੋ ਕਿ ਰੇਲੇਅ ਤੋਂ ਲੱਗਭਗ 170 ਮੀਲ ਉੱਤਰ-ਪੂਰਬ 'ਚ ਸਥਿਤ ਹੈ, ਵਿੱਚ ਐਂਡਰਿਊ ਬ੍ਰਾਊਨ ਜੂਨੀਅਰ ਦੇ ਘਰ ਵਿੱਚ ਸਰਚ ਵਾਰੰਟ ਸੰਬੰਧੀ ਕਾਰਵਾਈ ਕੀਤੀ। ਪੁਲਿਸ ਅਧਿਕਾਰੀ ਟੌਮੀ ਵੂਟਨ ਦੇ ਅਨੁਸਾਰ ਮੁਕਾਬਲੇ ਦੌਰਾਨ ਬ੍ਰਾਊਨ ਗੰਭੀਰ ਰੂਪ ਨਾਲ ਜ਼ਖਮੀ ਹੋਕੇ ਦਮ ਤੋੜ ਗਿਆ ਸੀ। ਅਦਾਲਤ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਉਸਦੀ ਉਮਰ 42 ਸਾਲ ਦੀ ਸੀ।
ਇਸ ਜਾਨਲੇਵਾ ਗੋਲੀ ਨੂੰ ਚਲਾਉਣ ਵਾਲੇ ਡਿਪਟੀ ਨੂੰ ਪ੍ਰਸ਼ਾਸਨਿਕ ਛੁੱਟੀ 'ਤੇ ਰੱਖਿਆ ਗਿਆ ਹੈ ਅਤੇ ਉੱਤਰੀ ਕੈਰੋਲੀਨਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਜਾਂਚ ਅਧੀਨ ਹੈ। ਡਿਪਟੀ ਨੇ ਇੱਕ ਕਿਰਿਆਸ਼ੀਲ ਬਾਡੀ ਕੈਮਰਾ ਪਾਇਆ ਹੋਇਆ ਸੀ ਪਰ ਸ਼ੈਰਿਫ ਨੇ ਕਿਹਾ ਕਿ ਇਸ ਸਮੇਂ ਫੁਟੇਜ ਜਾਰੀ ਨਹੀਂ ਕੀਤੀ ਜਾਵੇਗੀ।ਬ੍ਰਾਊਨ ਦੀ ਮੌਤ ਅਫਸਰਾਂ ਦੁਆਰਾ ਕਾਲੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦੀ ਗੋਲੀਬਾਰੀ ਦੀ ਤਾਜ਼ਾ ਘਟਨਾ ਹੈ, ਜਿਸ ਕਰਕੇ ਦੇਸ਼-ਵਿਦੇਸ਼ ਵਿੱਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਹਨ। ਦਰਜਨਾਂ ਲੋਕ, ਬੁੱਧਵਾਰ ਨੂੰ ਐਲਿਜ਼ਾਬੈਥ ਸਿਟੀ ਵਿੱਚ ਅਤੇ ਸਿਟੀ ਹਾਲ ਦੇ ਬਾਹਰ ਹੋਈ ਗੋਲੀਬਾਰੀ ਵਾਲੀ ਥਾਂ 'ਤੇ ਇਕੱਠੇ ਹੋਏ ਜਿੱਥੇ ਸਿਟੀ ਕੌਂਸਲ ਨੇ ਇੱਕ ਐਮਰਜੈਂਸੀ ਮੀਟਿੰਗ ਕੀਤੀ। ਸੂਰਜ ਡੁੱਬਣ ਦੇ ਨਾਲ ਹੀ ਭੀੜ ਵੱਧ ਗਈ, ਸੈਂਕੜੇ ਲੋਕਾਂ ਨੇ ਐਲਿਜ਼ਾਬੈਥ ਸਿਟੀ ਦੀ ਆਵਾਜਾਈ ਨੂੰ ਰੋਕ ਦਿੱਤਾ ਅਤੇ ਇੱਕ ਹੋਰ ਸਮੂਹ ਪਾਸਕੋਕਟੈਂਕ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਬਾਹਰ ਵੀ ਇਕੱਠਾ ਹੋਇਆ।