ਅਮਰੀਕਾ: ਪੁਲਿਸ ਦੇ ਇੰਟਰਵਿਊ ਰੂਮ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, 5 ਅਧਿਕਾਰੀ ਬਰਖਾਸਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜੂਨ 2021 - ਅਮਰੀਕਾ ਦੀ ਜਾਰਜੀਆ ਸਟੇਟ ਵਿੱਚ ਸਵਾਨਾ ਸ਼ਹਿਰ ਦੀ ਪੁਲਿਸ ਹਿਰਾਸਤ ਵਿੱਚ ਇੱਕ 60 ਸਾਲਾਂ ਵਿਅਕਤੀ ਦੁਆਰਾ ਕੀਤੀ ਆਤਮ ਹੱਤਿਆ ਦੇ ਮਾਮਲੇ ਵਿੱਚ 5 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਪੁਲਿਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰਜੀਆ ਦੇ ਪੰਜ ਅਫਸਰਾਂ ਨੂੰ 60 ਸਾਲਾ ਬਜ਼ੁਰਗ ਵਿਅਕਤੀ ਦੀ ਪੁਲਿਸ ਦੇ ਇੰਟਰਵਿਊ ਰੂਮ ਵਿੱਚ ਇਕੱਲੇ ਹੁੰਦਿਆਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸਾਵਨਾ ਪੁਲਿਸ ਵਿਭਾਗ ਅਨੁਸਾਰ ਮ੍ਰਿਤਕ ਵਿਲੀਅਮ ਹਾਰਵੇ ਨੂੰ 3 ਅਪ੍ਰੈਲ ਨੂੰ ਕਿਸੇ ਹਮਲੇ ਦੇ ਦੋਸ਼ ਵਿੱਚ ਸਵਾਨਾ ਪੁਲਿਸ ਹੈੱਡਕੁਆਰਟਰ ਲਿਜਾਇਆ ਗਿਆ ਸੀ।
ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ (ਜੀ ਬੀ ਆਈ) ਦੇ ਅਨੁਸਾਰ ਅਧਿਕਾਰੀ ਜਾਂਚ ਦੌਰਾਨ ਇੰਟਰਵਿਊ ਰੂਮ ਤੋਂ ਬਾਹਰ ਗਏ ਅਤੇ ਬਾਅਦ ਵਿੱਚ ਜਦ ਵਾਪਸ ਆਏ ਤਾਂ ਹਾਰਵੇ ਨੂੰ ਬੇਹੋਸ਼ ਪਾਇਆ। ਉਸਦੀ ਗਰਦਨ 'ਤੇ ਬੂਟਾਂ ਦੇ ਫੀਤਿਆਂ ਦੇ ਨਿਸ਼ਾਨ ਸਨ। ਜੀ ਬੀ ਆਈ ਨੇ ਹਾਰਵੇ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਸੀ। ਸਵਾਨਾ ਪੁਲਿਸ ਅਨੁਸਾਰ ਹਾਰਵੇ ਦੇ ਕਮਰੇ ਵਿੱਚ ਇਕੱਲੇ ਹੋਣ ਵੇਲੇ ਦੀ ਕੋਈ ਵੀਡੀਓ ਫੁਟੇਜ ਨਹੀਂ ਹੈ । ਸ਼ੁਰੂ ਵਿੱਚ ਇਸ ਘਟਨਾ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਐਡਮਨਿਸਟ੍ਰੇਟਿਵ ਲੀਵ 'ਤੇ ਰੱਖਿਆ ਗਿਆ ਸੀ, ਅਤੇ ਸਾਵਨਾ ਪੁਲਿਸ ਦੀ ਪ੍ਰੋਫੇਸ਼ਨਲ ਸਟੈਂਡਰਡ ਯੂਨਿਟ ਨੇ ਇਸ ਵਿੱਚ ਚਾਰ ਅਧਿਕਾਰੀਆਂ ਦੀ ਜਾਂਚ ਸ਼ੁਰੂ ਕੀਤੀ ਸੀ।
ਪੁਲਿਸ ਵਿਭਾਗ ਦੀ ਜਾਂਚ ਦੇ ਅਖੀਰ ਵਿੱਚ, ਵਿਭਾਗ ਦੇ ਇੱਕ ਕਾਰਪੋਰੇਲ ਅਤੇ ਇੱਕ ਸਾਰਜੈਂਟ ਨੂੰ ਬਰਖਾਸਤ ਕਰ ਦਿੱਤਾ ਗਿਆ ਅਤੇ ਫਿਰ ਅਪ੍ਰੈਲ ਦੇ ਅਖੀਰ ਵਿੱਚ, ਇੱਕ ਅਧਿਕਾਰੀ ਦੁਆਰਾ ਦੂਜਿਆਂ ਨੂੰ ਇਸ ਮਾਮਲੇ ਬਾਰੇ ਇੱਕ ਗਰੁੱਪ ਵਿੱਚ ਮੈਸੇਜ ਭੇਜਣ ਤੋਂ ਬਾਅਦ ਯੂਨਿਟ ਨੇ ਦੂਸਰੀ ਜਾਂਚ ਦੀ ਸ਼ੁਰੂਆਤ ਕੀਤੀ। ਇਹ ਜਾਂਚ ਇੱਕ ਸਾਰਜੈਂਟ, ਇੱਕ ਕਾਰਪੋਰੇਲ ਅਤੇ ਇੱਕ ਅਧਿਕਾਰੀ ਸਮੇਤ ਤਿੰਨ ਬਰਖਾਸਤਾਂ ਨਾਲ ਖਤਮ ਹੋਈ। ਪੰਜਾਂ ਵਿੱਚੋਂ ਚਾਰ ਅਧਿਕਾਰੀਆਂ ਨੇ ਆਪਣੀ ਬਰਖਾਸਤਗੀ ਸਬੰਧੀ ਨੂੰ ਪੁਲਿਸ ਮੁਖੀ ਅਤੇ ਸਿਟੀ ਮੈਨੇਜਰ ਕੋਲ ਅਪੀਲ ਕੀਤੀ ਹੈ। ਸਵਾਨਾ ਦੇ ਮੇਅਰ ਵੈਨ ਜੌਹਨਸਨ ਨੇ ਮੰਗਲਵਾਰ ਨੂੰ ਵਿਲੀਅਮ ਹਾਰਵੇ ਦੀ ਮੌਤ ਪੁਲਿਸ ਵਿਭਾਗ ਦੀ ਦੇਖਭਾਲ, ਹਿਰਾਸਤ ਅਤੇ ਨਿਯੰਤਰਣ ਦੌਰਾਨ ਹੋਈ ਮੌਤ ਲਈ ਦੁੱਖ ਪ੍ਰਗਟ ਕੀਤਾ ਹੈ।