ਅਮਰੀਕਾ: ਕਤਲ ਤੋਂ 44 ਸਾਲ ਬਾਅਦ ਹੋਈ ਦੋਸ਼ੀ ਦੀ ਗ੍ਰਿਫਤਾਰੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਜੂਨ 2021 - ਅਮਰੀਕਾ ਦੇ ਲੂਈਸਿਆਨਾ ਵਿੱਚ ਇੱਕ ਵਿਅਕਤੀ ਜਿਸਨੇ 44 ਸਾਲ ਪਹਿਲਾਂ ਆਪਣੀ ਪਤਨੀ ਦੀ ਪਿੱਠ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਨੂੰ ਲੰਮੇ ਅਰਸੇ ਬਾਅਦ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਲੈਫੋਰਚੇ ਪੈਰਿਸ਼ ਦੇ ਸ਼ੈਰਿਫ ਕਰੀਗ ਵੇਬਰ ਨੇ ਸ਼ਨੀਵਾਰ ਨੂੰ ਕਿ ਚੈਸਟਰ ਵੇਗਸ ਨਾਮ ਦਾ ਵਿਅਕਤੀ ਜੋ ਹੁਣ 78 ਸਾਲ ਦੇ ਹਨ, ਨੂੰ ਉਸਦੀ ਪਤਨੀ ਡਾਇਨ ਵੇਗਸ ਦੀ 1977 ਵਿੱਚ ਹੱਤਿਆ ਕਰਨ ਲਈ ਦੂਜੀ-ਡਿਗਰੀ ਦੇ ਕਤਲੇਆਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੁਲਿਸ ਅਨੁਸਾਰ ਇਸ ਗ੍ਰਿਫਤਾਰੀ ਨਾਲ ਵੇਗਸ ਪਰਿਵਾਰ ਨੂੰ ਕੁੱਝ ਤਸੱਲੀ ਮਿਲ ਸਕਦੀ ਹੈ ਜੋ ਕਿ ਤਕਰੀਬਨ 44 ਸਾਲਾਂ ਤੋਂ ਡਾਇਨ ਦੀ ਮੌਤ ਬਾਰੇ ਪ੍ਰਸ਼ਨਾਂ ਵਿੱਚ ਜੀ ਰਹੇ ਸਨ। ਇਸ ਕਤਲ ਦੀ ਮੁੱਢਲੀ ਜਾਂਚ ਦੇ ਨਾਲ ਜੁੜੀ ਨਵੀਂ ਜਾਣਕਾਰੀ ਨੇ ਇਸ ਗ੍ਰਿਫਤਾਰੀ ਨੂੰ ਸੰਭਵ ਬਣਾਉਣ ਵਿੱਚ ਸਹਾਇਤਾ ਕੀਤੀ ਹੈ। ਜਦਕਿ ਨਵੀਂ ਜਾਣਕਾਰੀ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ।
10 ਅਕਤੂਬਰ, 1977 ਨੂੰ ਗੋਲਡਨ ਮੈਡੋ ਦੇ ਚਿਕਨ ਹਾਊਸ ਰੈਸਟੋਰੈਂਟ ਵਿੱਚ ਡਾਇਨ ਵੇਗਸ ਮ੍ਰਿਤਕ ਪਈ ਮਿਲੀ ਸੀ, ਉਸੇ ਸਮੇਂ ਤੋਂ ਪੁਲਿਸ ਨੇ ਉਸਦੇ ਪਤੀ ਨੂੰ ਇੱਕ ਸ਼ੱਕੀ ਮੰਨਿਆ ਪਰ ਉਸ ਉੱਤੇ ਕਦੇ ਦੋਸ਼ ਨਹੀਂ ਲਗਾਇਆ ਗਿਆ। ਪੁਲਿਸ ਵਿਭਾਗ ਅਨੁਸਾਰ ਅਕਤੂਬਰ 2020 ਵਿੱਚ ਇਹ ਕੇਸ ਦੁਬਾਰਾ ਖੋਲ੍ਹਿਆ ਗਿਆ ਸੀ ਅਤੇ ਵੇਗਸ ਨੂੰ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਵੇਗਸ 50,000 ਦੀ ਜ਼ਮਾਨਤ ਪੋਸਟ ਕਰਨ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ।