ਅਮਰੀਕਾ: 19 ਜੂਨ ਨੂੰ ਫੈਡਰਲ ਛੁੱਟੀ ਬਣਾਉਣ ਲਈ ਬਿਲ ਪਾਸ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਜੂਨ 2021 - ਅਮਰੀਕੀ ਸਦਨ ਨੇ ਬੁੱਧਵਾਰ ਨੂੰ 19 ਜੂਨ ਨੂੰ ਦੇਸ਼ ਵਿੱਚ ਗੁਲਾਮੀ ਦੇ ਅੰਤ ਦੀ ਨਿਸ਼ਾਨਦੇਹੀ ਵਜੋਂ ਇਸਨੂੰ ਇੱਕ ਫੈਡਰਲ ਛੁੱਟੀ ਬਨਾਉਣ ਲਈ ਕਾਨੂੰਨ ਪਾਸ ਕੀਤਾ ਹੈ। ਇਸ ਸਬੰਧੀ ਇੱਕ ਬਿੱਲ ਜਿਸਨੂੰ ਮੰਗਲਵਾਰ ਨੂੰ ਸੈਨੇਟ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ ਦੇ ਤਹਿਤ ਇਸ ਬਿਲ ਨੂੰ ਹੁਣ 19 ਜੂਨ ਨੂੰ ਦੇਸ਼ ਦੀ 12 ਵੀਂ ਫੈਡਰਲ ਛੁੱਟੀ ਬਨਾਉਣ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੇ ਡੈਸਕ 'ਤੇ ਜਾਵੇਗਾ।
ਇਸ ਛੁੱਟੀ ਲਈ ਜੈਕਸਨ ਲੀ ਅਤੇ ਸੈਨੇਟਰ ਐਡ ਮਾਰਕੀ ਨੇ ਕਾਲੇ ਮੂਲ ਦੇ ਜਾਰਜ ਫਲਾਇਡ ਦੀ ਇੱਕ ਗੋਰੇ ਪੁਲਿਸ ਅਧਿਕਾਰੀ ਦੇ ਹੱਥੋਂ ਹੋਈ ਮੌਤ ਦੇ ਬਾਅਦ ਪਿਛਲੇ ਸਾਲ ਗਰਮੀਆਂ ਵਿੱਚ ਜੂਨ ਮਹੀਨੇ ਬਿਲ ਪੇਸ਼ ਕੀਤੇ ਸਨ, ਪਰ ਇਸ ਲਈ ਵੋਟ ਪ੍ਰਾਪਤ ਨਹੀਂ ਹੋਈ ਸੀ। ਇਸ ਲਈ ਦੋਵੇਂ ਸੰਸਦ ਮੈਂਬਰਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਇਹਨਾਂ ਬਿੱਲਾਂ ਨੂੰ ਦੁਬਾਰਾ ਪੇਸ਼ ਕੀਤਾ ਸੀ।
ਇਸ ਬਿੱਲ ਨੂੰ 415 -14 ਵੋਟਾਂ ਨਾਲ ਪਾਸ ਕੀਤਾ ਗਿਆ ਅਤੇ ਵਿਰੋਧੀ ਵੋਟਾਂ ਰਿਪਬਲਿਕਨਾਂ ਦੁਆਰਾ ਪਾਈਆਂ ਗਈਆਂ। ਬਹੁਤ ਸਾਰੇ ਕਾਲੇ ਮੂਲ ਦੇ ਅਮਰੀਕਨਾਂ ਲਈ, ਖ਼ਾਸਕਰ ਜੋ ਦੱਖਣੀ ਰਾਜਾਂ ਨਾਲ ਸਬੰਧਤ ਹਨ ਦੇ ਲਈ ਜੂਨ, ਜਿਸ ਨੂੰ ਮੁਕਤੀ ਦਿਵਸ ਜਾਂ ਸੁਤੰਤਰਤਾ ਦਿਵਸ ਵੀ ਕਿਹਾ ਜਾਂਦਾ ਹੈ, 150 ਸਾਲਾਂ ਤੋਂ ਇਤਿਹਾਸ ਦਾ ਮਹੱਤਵਪੂਰਣ ਦਿਨ ਰਿਹਾ ਹੈ। 1865 ਵਿੱਚ, ਟੈਕਸਾਸ ਦੇ ਗੈਲਵੇਸਟਨ ਵਿੱਚ ਆਖ਼ਰੀ ਗੁਲਾਮ ਬਣੇ ਅਫ਼ਰੀਕੀ ਅਮਰੀਕੀਆਂ ਨੂੰ ਆਖਰਕਾਰ ਸੂਚਿਤ ਕੀਤਾ ਗਿਆ ਕਿ ਗ੍ਰਹਿ ਯੁੱਧ ਖ਼ਤਮ ਹੋ ਗਿਆ ਹੈ ਅਤੇ ਉਹ ਆਜ਼ਾਦ ਹਨ। ਰਾਸ਼ਟਰਪਤੀ ਲਿੰਕਨ ਦੁਆਰਾ ਕਨਫੈਡਰੇਟ ਰਾਜਾਂ ਵਿੱਚ ਸਾਰੇ ਗੁਲਾਮਾਂ ਨੂੰ ਆਜ਼ਾਦੀ ਦਿੰਦਿਆਂ ਮੁਕਤੀ ਘੋਸ਼ਣਾ ਪੱਤਰ ਤੇ ਦਸਤਖਤ ਕਰਨ ਦੇ ਦੋ ਸਾਲਾਂ ਬਾਅਦ ਇਹ ਖਬਰ ਆਈ ਸੀ। ਉਸ ਦਿਨ ਤੋਂ, ਜੂਨ ਨੂੰ ਦੇਸ਼ ਦੀ ਗੁਲਾਮੀ ਦੇ ਇਤਿਹਾਸ ਨੂੰ ਯਾਦ ਕਰਨ ਅਤੇ ਕਾਲੇ ਮੂਲ ਦੀ ਆਜ਼ਾਦੀ ਦੇ ਜਸ਼ਨ ਮਨਾਉਣ ਦਾ ਦਿਨ ਬਣ ਗਿਆ ਹੈ।