ਅਮਰੀਕਾ: ਪੁਲਿਸ ਦੇ ਇੰਟਰਵਿਊ ਰੂਮ ਵਿੱਚ ਕਤਲ ਦੇ ਦੋਸ਼ੀ ਵਿਅਕਤੀ ਨੇ ਕੀਤੀ ਬੰਦੂਕ ਖੋਹਣ ਦੀ ਕੋਸ਼ਿਸ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਅਮਰੀਕਾ ਦੇ ਲਾਸ ਵੇਗਸ ਵਿੱਚ ਪੁਲਿਸ ਦੇ ਇੰਟਰਵਿਊ ਰੂਮ ਵਿੱਚ ਅਧਿਕਾਰੀਆਂ ਅਤੇ ਇੱਕ ਕੈਦੀ ਵਿਚਕਾਰ ਉਸ ਵੇਲੇ ਹੱਥੋਪਾਈ ਹੋ ਗਈ ਜਦੋਂ ਕੈਦੀ ਨੇ ਇੱਕ ਪੁਲਿਸ ਅਧਿਕਾਰੀ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਨੁਸਾਰ ਲਾਸ ਵੇਗਸ ਪੁਲਿਸ ਸਟੇਸ਼ਨ ਦੇ ਪੁੱਛਗਿੱਛ ਵਾਲੇ ਕਮਰੇ ਵਿੱਚ ਇੱਕ 27 ਸਾਲਾਂ ਕਤਲ ਦੇ ਸ਼ੱਕੀ ਵਿਅਕਤੀ ਨੇ ਪੁਲਿਸ ਦੀ ਬੰਦੂਕ ਲਈ ਇਹ ਹੱਥੋਪਾਈ ਕੀਤੀ।
ਇਸ ਘਟਨਾ ਦੀ ਇੱਕ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈ ਹੈ , ਜਿਸ ਵਿੱਚ ਟੈਰੇਲ ਰੋਡਜ਼ ਨਾਮ ਦਾ ਵਿਅਕਤੀ ਜਿਸ ਨੇ ਕਥਿਤ ਤੌਰ 'ਤੇ ਸਿਰਫ 2 ਸਾਲਾਂ ਅਮਾਰੀ ਨਿਕੋਲਸਨ ਦੀ ਕੁੱਟਮਾਰ ਕਰਨ ਦਾ ਇਕਰਾਰ ਕੀਤਾ ਸੀ, ਨੂੰ ਦੋ ਅਫਸਰਾਂ ਨਾਲ ਝਗੜਦੇ ਹੋਏ ਦੇਖਿਆ ਗਿਆ ਹੈ। ਰੋਡਜ਼ ਥਾਣੇ ਵਿੱਚੋਂ ਬਾਹਰ ਜਾਣ ਲਈ ਚੀਕ ਰਿਹਾ ਸੀ। ਰੋਡਜ਼ ਉੱਤੇ ਪਿਛਲੇ ਮਹੀਨੇ ਉਸਦੀ ਮਹਿਲਾ ਦੋਸਤ ਦੇ ਬੇਟੇ ਦੀ ਹੱਤਿਆ ਕਰਨ ਦਾ ਇਲਜ਼ਾਮ ਹੈ। ਛੋਟਾ ਬੱਚਾ ਅਮਾਰੀ 5 ਮਈ ਨੂੰ ਲਾਪਤਾ ਹੋ ਗਿਆ ਸੀ, ਅਤੇ ਉਸਦੀ ਲਾਸ਼ 12 ਮਈ ਨੂੰ ਮਿਲੀ ਸੀ।
ਰੋਡਜ਼ ਨੂੰ ਬਾਅਦ ਵਿੱਚ ਉਸ ਕੇਸ ਵਿੱਚ ਕਤਲ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਰੋਡਜ਼ 2017 ਅਤੇ 2018 ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਈ ਜੇਲ੍ਹ ਜਾ ਚੁੱਕਾ ਹੈ ਅਤੇ ਹੁਣ ਕਤਲ ਕੇਸ ਵਿੱਚ 25 ਜੂਨ ਨੂੰ ਅਦਾਲਤ ਵਿੱਚ ਉਸਦੀ ਪੇਸ਼ੀ ਹੈ।