ਨਿਊਜਰਸੀ ਵਿੱਚ ਜਾਰਜ ਫਲਾਇਡ ਦੇ ਵਿਸ਼ਾਲ ਕਾਂਸੀ ਦੇ ਬੁੱਤ ਦਾ ਕੀਤਾ ਉਦਘਾਟਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਅਮਰੀਕਾ ਦੀ ਸਟੇਟ ਨਿਊਜਰਸੀ ਵਿੱਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇੱਕ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਹੈ। 48 ਸਾਲਾਂ ਫਲਾਇਡ ਨੂੰ ਸਮਰਪਿਤ ਇਹ ਮੂਰਤੀ ਨੇਵਾਰਕ ਸ਼ਹਿਰ ਵਿੱਚ ਬੁੱਧਵਾਰ ਨੂੰ ਪਹਿਲੀ ਵਾਰ ਜਨਤਾ ਲਈ ਸਥਾਪਤ ਕੀਤੀ ਗਈ। ਜਾਰਜ ਫਲਾਇਡ ਨੂੰ ਪਿਛਲੇ ਸਾਲ 25 ਮਈ ਨੂੰ ਮਿਨੀਸੋਟਾ ਦੇ ਮਿਨੀਏਪੋਲਿਸ ਵਿੱਚ ਕਤਲ ਕੀਤਾ ਗਿਆ ਸੀ, ਅਤੇ ਉਸਦੀ ਮੌਤ ਨੇ ਵਿਸ਼ਵ ਭਰ ਵਿੱਚ ਬਲੈਕ ਲਾਈਵਜ਼ ਮੈਟਰ ਦੇ ਵਿਰੋਧ ਪ੍ਰਦਰਸ਼ਨ ਨੂੰ ਪ੍ਰੇਰਿਤ ਕੀਤਾ ਸੀ। ਫਲਾਇਡ ਦੀ ਮੌਤ ਅਮਰੀਕੀ ਸਰਕਾਰ ਦੁਆਰਾ ਪੁਲਿਸ ਸੁਧਾਰ ਕਾਨੂੰਨ ਬਣਾਉਣ ਦੇ ਨਾਲ ਨਾਲ ਅਮਰੀਕਾ ਵਿੱਚ ਨਸਲੀ ਘੱਟ ਗਿਣਤੀਆਂ ਲਈ ਬਰਾਬਰਤਾ ਵਧਾਉਣ ਦੀ ਵੀ ਮੰਗ ਕਰਦੀ ਸੀ। ਫਲਾਇਡ ਦੀ ਮੂਰਤੀ ਦਾ ਭਾਰ ਲੱਗਭਗ 700 ਪੌਂਡ (ਤਕਰੀਬਨ 317 ਕਿਲੋਗਰਾਮ) ਹੈ ਅਤੇ ਘੱਟੋ ਘੱਟ ਇੱਕ ਸਾਲ ਲਈ ਇਸਦੇ ਨੇਵਾਰਕ ਦੇ ਸਿਟੀ ਹਾਲ ਵਿੱਚ ਰਹਿਣ ਦੀ ਉਮੀਦ ਹੈ। ਸ਼ਹਿਰ ਦੇ ਮੇਅਰ ਰਸ ਬਰਾਕਾ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੂਰਤੀ ਵਸਨੀਕਾਂ ਨੂੰ ਨਸਲੀ ਨਿਆਂ ਲਈ ਲੜਨ ਲਈ ਪ੍ਰੇਰਿਤ ਕਰੇਗੀ। ਇਸ ਬੁੱਤ ਨੂੰ ਲਿਓਨ ਪਿਕਨੇ ਦੁਆਰਾ ਕਮਿਸ਼ਨ ਅਤੇ ਕਲਾਕਾਰ ਸਟੈਨਲੇ ਵਾਟਸ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ।