ਮਿਸ਼ੀਗਨ ਵਿੱਚ ਆਏ ਤੂਫਾਨ ਨੇ ਕੀਤੀ ਹਜਾਰਾਂ ਘਰਾਂ ਦੀ ਬਿਜਲੀ ਬੰਦ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)26 ਜੁਲਾਈ 2021 - ਮਿਸ਼ੀਗਨ ਵਿੱਚ ਕਈ ਖੇਤਰਾਂ ਨੇ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ, ਤੂਫਾਨ ਦਾ ਸਾਹਮਣਾ ਕੀਤਾ। ਇਸ ਤੂਫਾਨੀ ਮੌਸਮ ਨੇ ਹਜਾਰਾਂ ਘਰਾਂ ਦੀ ਬਿਜਲੀ ਸਪਲਾਈ ਨੂੰ ਪ੍ਰਭਾਵਿਤ ਕੀਤਾ। ਰਿਪੋਰਟਾਂ ਅਨੁਸਾਰ ਡੀਟ੍ਰੋਇਟ ਇਲਾਕੇ ਵਿੱਚ ਸ਼ਨੀਵਾਰ ਰਾਤ ਨੂੰ ਤੂਫਾਨ ਆਉਣ ਤੋਂ ਬਾਅਦ ਮਿਸ਼ੀਗਨ ਵਿਚ ਤਕਰੀਬਨ 140,000 ਲੋਕਾਂ ਨੇ ਬੰਦ ਬਿਜਲੀ ਦਾ ਸਾਹਮਣਾ ਕੀਤਾ। ਇਸ ਸਬੰਧੀ Poweroutage.us ਦੀ ਰਿਪੋਰਟ ਅਨੁਸਾਰ ਸਟੇਟ ਦੇ ਤਕਰੀਬਨ 138,990 ਲੋਕ ਬਿਜਲੀ ਤੋਂ ਵਾਂਝੇ ਰਹੇ। ਇਸ ਦੌਰਾਨ ਭਿਆਨਕ ਤੂਫਾਨਾਂ ਨੇ ਡੀਟ੍ਰੋਇਟ ਮੈਟਰੋ ਖੇਤਰ ਵਿੱਚ ਆਪਣਾ ਪ੍ਰਭਾਵ ਦਿਖਾਇਆ ਅਤੇ ਆਰਮਾਡਾ ਸਮੇਤ ਕਈ ਹੋਰ ਇਲਾਕਿਆਂ ਵਿੱਚ ਵੀ ਤੂਫਾਨ ਨੇ ਦਸਤਕ ਦਿੱਤੀ।
ਇਸ ਤੂਫਾਨ ਨੇ ਰੁੱਖਾਂ, ਘਰਾਂ ਅਤੇ ਕਾਰੋਬਾਰਾਂ ਆਦਿ ਦਾ ਵੱਡਾ ਨੁਕਸਾਨ ਕੀਤਾ। ਅਧਿਕਾਰੀਆਂ ਅਨੁਸਾਰ ਇਸ ਤੂਫਾਨ ਕਰਕੇ।ਬਿਜਲੀ ਦੀਆਂ ਲਾਈਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਡੀਟ੍ਰੋਇਟ ਪੁਲਿਸ ਵਿਭਾਗ ਨੇ ਇਲਾਕਾ ਨਿਵਾਸੀਆਂ ਲਈ ਇੱਕ ਅਲਰਟ ਜਾਰੀ ਕਰਦਿਆਂ ਸੜਕਾਂ 'ਤੇ ਭਰੇ ਪਾਣੀ ਕਾਰਨ ਉਨ੍ਹਾਂ ਨੂੰ ਸੜਕਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਸੀ।