ਅਫ਼ਗ਼ਾਨਿਸਤਾਨ ਯੁੱਧ ਦੌਰਾਨ ਕੈਨੇਡੀਅਨ ਫੌਜ ਦੇ ਵਫਾਦਾਰਾਂ ਨੂੰ ਕੈਨੇਡਾ ਦੇਵੇਗਾ ਪੱਕੀ ਨਾਗਰਿਕਤਾ
ਕਮਲਜੀਤ ਬੁੱਟਰ
ਕੈਲਗਰੀ , 26 ਜੁਲਾਈ 2021 : ਫ਼ੈਡਰਲ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਉਹਨਾਂ ਇੰਟਰਪ੍ਰੇਟਰਾਂ (ਦੋ-ਭਾਸ਼ੀਆ) ਅਤੇ ਹੋਰ ਕਾਮਿਆਂ ਲਈ ਕੈਨੇਡਾ ਵਿਚ ਆ ਕੇ ਵੱਸਣ ਦਾ ਰਾਹ ਪੱਧਰਾ ਕਰਨ ਦਾ ਵਾਅਦਾ ਕੀਤਾ ਹੈ, ਜਿਹਨਾਂ ਨੇ ਅਫ਼ਗ਼ਾਨਿਸਤਾਨ ਯੁੱਧ ਦੌਰਾਨ ਕਨੇਡੀਅਨ ਆਰਮਡ ਫੋਰਸਾਂ ਦੀ ਮਦਦ ਕੀਤੀ ਸੀ। ਇੰਟਰਪ੍ਰੇਟਰ ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਹੋਰ ਭਾਸ਼ਾ ਵਿਚ ਬੋਲੀ ਜਾ ਰਹੀ ਗੱਲ ਦਾ ਜ਼ੁਬਾਨੀ ਅਨੁਵਾਦ ਕਰਦਾ ਹੈ। ਦੂਸਰੇ ਦੇਸ਼ਾਂ ਵਿਚ ਚਲ ਰਹੇ ਯੁੱਧ ਅਤੇ ਸੰਘਰਸ਼ਾਂ ਵਿਚ ਸ਼ਾਮਲ ਬਾਹਰਲੀਆਂ ਫੌਜਾਂ ਅਕਸਰ ਉਸ ਇਲਾਕੇ ਨੂੰ ਬਿਹਤਰ ਢੰਗ ਨਾਲ ਸਮਝਕੇ ਆਪਣੀਆਂ ਨੀਤੀਆਂ ਬਣਾਉਣ ਲਈ ਇੰਟਰਪ੍ਰੇਟਰਾਂ ਕੋਲੋਂ ਕੰਮ ਲੈਂਦੀਆਂ ਹਨ।
ਅੱਜ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਨੇ ਕਨੇਡੀਅਨ ਆਰਮਡ ਫੋਰਸੇਜ਼ ਦੀ ਮਦਦ ਕਰਨ ਵਾਲੇ ਦੁਭਾਸ਼ੀਆਂ ਅਤੇ ਕਨੇਡੀਅਨ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਬਾਵਰਚੀਆਂ, ਡਰਾਈਵਰਾਂ, ਕਲੀਨਰਾਂ, ਉਸਾਰੀ ਕਾਮਿਆਂ, ਸਿਕਿਊਰਟੀ ਗਾਰਡਾਂ ਅਤੇ ਬਾਕੀ ਸਟਾਫ ਅਤੇ ਉਹਨਾਂ ਦੇ ਪਰਿਵਾਰ ਨੂੰ ਕੈਨੇਡਾ ਵਿਚ ਵਸਾਉਣ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੁੱਧ ਦੌਰਾਨ ਅਫ਼ਗ਼ਾਨੀ ਦੁਭਾਸ਼ੀਆਂ ਨੇ ਕਨੇਡੀਅਨ ਫੌਜਾਂ ਦੀ ਸਥਾਨਕ ਲੀਡਰਾਂ ਨਾਲ ਗੱਲਬਾਤ ਕਰਵਾਉਣ ਅਤੇ ਗੱਲਬਾਤ ਦਾ ਤਰਜਮਾ ਕਰਨ ਵਿਚ ਮਦਦ ਕੀਤੀ ਸੀ ਜਿਸ ਨਾਲ ਫੌਜਾਂ ਜ਼ਮੀਨੀ ਪੱਧਰ ਤੇ ਲੋਕਾਂ ਦਾ ਵਿਸ਼ਵਾਸ ਜਿੱਤ ਸਕੀਆਂ ਸਨ।
ਪਰ ਕਈ ਲੋਕ ਇਹਨਾਂ ਇੰਟਰਪ੍ਰੇਟਰਾਂ ਨੂੰ ਗ਼ੱਦਾਰ ਦੱਸਦੇ ਹਨ।ਤ ਇਹਨਾਂ ਅਨੁਵਾਦਕਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਮਾਰੇ ਜਾਣ ਦੇ ਖੌਫ਼ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ। ਕਈਆਂ ਨੂੰ ਮੌਤ ਦੀਆਂ ਧਮਕੀਆਂ ਵਾਲੇ ਫੋਨ ਅਤੇ ਚਿਠੀਆਂ ਵੀ ਪ੍ਰਾਪਤ ਹੋਈਆਂ ਹਨ। 2009 ਵਿਚ ਕੈਨੇਡਾ ਨੇ ਤਕਰੀਬਨ 800 ਇੰਟਰਪ੍ਰੇਟਰਾਂ ਨੂੰ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਪ੍ਰੋਗਰਾਮ ਲਈ ਯੋਗਤਾ ਮਾਪਦੰਡ ਕਾਫੀ ਸਖ਼ਤ ਸੀ। ਕਨੇਡੀਅਨ ਪ੍ਰੈਸ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ ਤਕਰੀਬਨ ਦੋ-ਤਿਹਾਈ ਬਿਨੈਕਾਰਾਂ ਦੀਆਂ ਅਰਜ਼ੀਆਂ ਖ਼ਾਰਜ ਹੋ ਗਈਆਂ ਸਨ।