ਅਮਰੀਕੀ ਐਥਲੀਟ ਕੇਨੀ ਹੈਰੀਸਨ ਨੇ ਟੋਕੀਓ ਉਲੰਪਿਕ 'ਚ ਜਿੱਤਿਆ ਸਿਲਵਰ ਮੈਡਲ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 2 ਅਗਸਤ 2021 - ਅਮਰੀਕੀ 100 ਮੀਟਰ ਹਰਡਲ ਐਥਲੀਟ ਕੇਨੀ ਹੈਰੀਸਨ ਨੇ ਟੋਕਿਓ ਉਲੰਪਿਕ ਵਿੱਚ ਇਸ ਦੌੜ 'ਚ ਦੂਜੇ ਸਥਾਨ 'ਤੇ ਰਹਿ ਕੇ ਸਿਲਵਰ ਮੈਡਲ 'ਤੇ ਕਬਜਾ ਕੀਤਾ ਹੈ। ਕੇਨੀ ਨੇ 2016 ਦੇ ਯੂ ਐਸ ਓਲੰਪਿਕ ਟ੍ਰੈਕ ਅਤੇ ਫੀਲਡ ਟਰਾਇਲਾਂ ਵਿੱਚ 100 ਮੀਟਰ ਦੀ ਹਰਡਲ ਰੇਸ 'ਚ ਆਪਣੀ ਉਲੰਪਿਕ ਮੈਡਲ ਦੀ ਦੌੜ ਸ਼ੁਰੂ ਕੀਤੀ। ਪਰ ਰੀਓ ਉਲੰਪਿਕ ਵਿੱਚ ਉਹ ਛੇਵੇਂ ਸਥਾਨ 'ਤੇ ਆਉਣ ਕਾਰਨ ਅਸਫਲ ਰਹੀ। ਫਿਰ ਵੀ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ ਇਸ ਵਾਰ ਟੋਕਿਓ ਉਲੰਪਿਕ ਵਿੱਚ ਸੋਮਵਾਰ ਨੂੰ, ਉਸਨੇ ਆਖਰਕਾਰ ਆਪਣਾ ਟੀਚਾ ਪੂਰਾ ਕੀਤਾ।
ਇਸ 28 ਸਾਲਾਂ ਐਥਲੀਟ ਨੇ ਟੋਕੀਓ ਓਲੰਪਿਕ ਵਿੱਚ 12.52 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ, ਕੇਨੀ ਨੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਜਮੈਕਾ ਦੀ ਮੇਗਨ ਟੇਪਰ ਨੂੰ ਆਸਾਨੀ ਨਾਲ ਹਰਾਇਆ ਅਤੇ ਗੋਲਡ ਮੈਡਲ ਜਿੱਤਣ ਵਾਲੀ ਪੋਰਟੋ ਰੀਕੋ ਦੀ ਜੈਸਮੀਨ ਕੈਮਾਚੋ-ਕੁਇਨ ਤੋਂ ਪਿੱਛੇ ਰਹੀ। ਹੈਰੀਸਨ ਨੇ ਆਪਣੀ ਇਸ ਜਿੱਤ 'ਤੇ ਖੁਸ਼ੀ ਪ੍ਰਗਟ ਕੀਤੀ ਹੈ।
ਹੈਰੀਸਨ ਦਾ ਜਨਮ ਟੈਨੇਸੀ ਵਿੱਚ ਹੋਇਆ ਸੀ ਅਤੇ ਉਸਨੂੰ ਇੱਕ ਬੱਚੇ ਵਜੋਂ ਗੋਦ ਲਿਆ ਗਿਆ ਸੀ। ਉਸਦੇ ਮਾਪਿਆਂ, ਕੈਰਨ ਅਤੇ ਗੈਰੀ ਦੇ 11 ਬੱਚੇ ਹਨ, ਜਿਨ੍ਹਾਂ ਵਿੱਚੋਂ 9 ਗੋਦ ਲਏ ਗਏ ਸਨ। ਹੈਰੀਸਨ ਨੇ ਆਪਣਾ ਧਿਆਨ ਟ੍ਰੈਕ ਵੱਲ ਬਦਲਣ ਤੋਂ ਪਹਿਲਾਂ ਇੱਕ ਫੁਟਬਾਲ ਖਿਡਾਰੀ ਵਜੋਂ ਸ਼ੁਰੂਆਤ ਕੀਤੀ। ਉਹ ਕੈਂਟਕੀ ਯੂਨੀਵਰਸਿਟੀ ਲਈ ਸਾਂਝੇ ਤੌਰ 'ਤੇ ਦੌੜੀ ਅਤੇ ਸੀਨੀਅਰ ਵਜੋਂ ਰਾਸ਼ਟਰੀ ਚੈਂਪੀਅਨਸ਼ਿਪਾਂ ਜਿੱਤੀਆਂ। ਫਿਰ ਉਸਨੂੰ ਰੀਓ ਉਲੰਪਿਕ ਵਿੱਚ ਭਾਗ ਲੈਣ ਦਾ ਮੌਕਾ ਪ੍ਰਾਪਤ ਹੋਇਆ।