ਪਟਿਆਲਾ ਦਾ ਜੰਮਪਲ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਕੌਂਸਲਰ ਬਣਨ ਵਾਲਾ ਪਹਿਲਾ ਪੰਜਾਬੀ ਜਾਣੋ ਕੌਂਣ ?
ਜੀ ਐਸ ਪੰਨੂ
ਪਟਿਆਲਾ, 26 ਅਕਤੂਬਰ 2022 - ਪਟਿਆਲਾ ਸ਼ਹਿਰ ਦਾ ਜੰਮਪਲ ਗੁਰਦੀਪ ਸਿੰਘ ਗੈਰੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਹੋਈਆਂ ਮਿਊਂਸਿਪਲ ਕੌਂਸਲਰ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਕੌਂਸਲਰ ਬਣ ਗਿਆ। ਜਿਕਰਯੋਗ ਹੈ ਕਿ ਗੈਰੀ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਨੌਜਵਾਨ ਪਟਿਆਲਾ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਦਾ ਜੰਮਪਲ ਹੈ। ਜੋ ਕਿ 2005 ਤੋਂ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ। ਗੁਰਦੀਪ ਸਿੰਘ ਗੈਰੀ ਇੱਕ ਉਹ ਅਗਾਂਹਵਧੂ ਨੌਜਵਾਨ ਹੈ ਜਿਸਨੇ 2012 ਵਿੱਚ ਕੌਬਰਨ (ਨਗਰ ਨਿਗਮ) ਵਿੱਚ ਸੇਫਟੀ ਤੇ ਸੁਰੱਖਿਆ ਸਰਵਿਸ ਵਿੱਚ ਐਡਮਿਨ ਅਫਸਰ ਵਜੋਂ ਕੰਮ ਸ਼ੁਰੂ ਕੀਤਾ।
ਗੈਰੀ ਸਿੰਘ 2014 ਅਤੇ 2017 ਵਿੱਚ ਜਿੱਥੇ “ਇੰਪਲਾਈ ਆਫ ਦੀ ਮੰਥ” ਦਾ ਇਨਾਮ ਜਿੱਤ ਚੁੱਕਿਆ ਹੈ ਉੱਥੇ ਹੀ 2017 ਵਿੱਚ ਹੀ “ਇੰਪਲਾਈ ਆਫ ਦੀ ਈਅਰ” ਖਿਤਾਬ ਵੀ ਆਪਣੇ ਨਾਮ ਕਰਵਾ ਚੁੱਕਾ ਹੈ। ਪਟਿਆਲਾ ਦੇ ਸਿਵਲ ਲਾਈਨ ਸਕੂਲ ਵਿਖੇ ਮੁੱਢਲੀ ਪੜਾਈ ਕਰਨ, ਖਾਲਸਾ ਕਾਲਜ ਪਟਿਆਲਾ ਤੋਂ ਬੀ.ਐਸ.ਸੀ. (ਕੰਪਿਊਟਰ), ਰਿਮਟ ਮੰਡੀ ਗੋਬਿੰਦਗੜ੍ਹ ਵਿਖੇ ਐਮ.ਸੀ.ਏ. ਕਰਨ ਉਪਰੰਤ ਉਹ ਵਧੀਆ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਚਲਾ ਗਿਆ ਜਿੱਥੇ ਉਸਨੇ ਸਖਤ ਮਿਹਨਤ ਕਰਦਿਆਂ ਆਪਣਾ ਭਵਿੱਖ ਸੰਵਾਰਿਆ ਉੱਥੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ।
ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਕੌਂਸਲਰ ਬਣਨ ਵਾਲਾ ਉਹ ਪਹਿਲਾ ਪੰਜਾਬੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਸਦੇ ਵੱਡੇ ਭਰਾ ਅਤੇ ਅਧਿਆਪਕ ਆਗੂ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਗੁਰਦੀਪ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅਵੱਲ ਆਉਣ ਵਾਲਾ ਵਿਦਿਆਰਥੀ ਰਿਹਾ ਹੈ। ਉਸਨੇ ਪੰਜਾਬ ਵਿੱਚ ਪੜ੍ਹਾਈ ਕਰਨ ਉਪਰੰਤ ਕੁੱਝ ਸਮਾਂ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ਵਿਖੇ ਨੋਕਰੀ ਵੀ ਕੀਤੀ ਪਰੰਤੂ ਬਾਹਰਲੇ ਦੇਸ਼ ਵਿੱਚ ਸੈਟਲ ਹੋਣ ਦਾ ਸੁਪਨਾ ਲੈ ਕੇ ਸਾਲ 2005 ਵਿੱਚ ਵਿਦੇਸ਼ ਚਲਾ ਗਿਆ।
ਗੁਰਦੀਪ ਸਿੰਘ ਨੇ ਸ਼ੁਰੂ ਤੋਂ ਹੀ ਸਖਤ ਮਿਹਨਤ ਕਰਨੀ ਆਪਣੇ ਮਾਤਾ ਪਿਤਾ ਸ੍ਰ. ਬਲਵਿੰਦਰ ਸਿੰਘ, ਸ਼੍ਰੀਮਤੀ ਚਰਨਜੀਤ ਕੌਰ ਤੋਂ ਸਿੱਖੀ ਜੋ ਕਿ ਆਪ ਸਾਲ 1975 ਵਿੱਚ ਜਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਤੋਂ ਪਟਿਆਲਾ ਆ ਕੇ ਵਸੇ ਅਤੇ ਦਿਨ ਰਾਤ ਮਿਹਨਤ ਕਰਦਿਆਂ ਆਪਣੇ ਬੱਚਿਆਂ ਨੂੰ ਸਫਲਤਾ ਦੀ ਪੌੜੀ ਛੂਹਣਾ ਸਿਖਾਇਆ। ਇਸ ਮੋਕੇ ਖੁਸ਼ੀ ਜਾਹਿਰ ਕਰਦਿਆਂ ਗੈਰੀ ਸਿੰਘ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਸਫਲਤਾ ਤੇ ਜਿੱਥੇ ਮਾਣ ਮਹਿਸੂਸ ਕਰਦੇ ਹਨ ਉੱਥੇ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗੈਰੀ ਸਿੰਘ ਦੀ ਇਸ ਮਾਣ ਮੱਤੀ ਪ੍ਰਾਪਤੀ ਤੇ ਰਿਸ਼ਤੇਦਾਰਾਂ,ਦੋਸਤਾਂ ਅਤੇ ਸਨੇਹੀਆਂ ਵੱਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।