ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 24 ਨਵੰਬਰ 2021- ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਚ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਪੁਰਬ ਦੇ ਸਬੰਧ ਅਰੰਭ ਕੀਤੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਵਧਾਈ ਦੇਣ ਦੇ ਨਾਲ ਨਾਲ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਨੂੰ ਸਾਰਿਆਂ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਵਹਿਮਾਂ ਪਾਖੰਡਾਂ ਤੇ ਕੁਰੀਤੀਆਂ ਵਿੱਚੋਂ ਸਾਨੂੰ ਕੱਢ ਕੇ ਸਾਡੇ ਦਿਲੋ ਦਿਮਾਗ ਵਿਚ ਜੋ ਗਿਆਨ ਦਾ ਦੀਪਕ ਜਗਾਇਆ ਸੀ ਕੀ ਅੱਜ ਅਸੀਂ ਕਿਤੇ ਉਸ ਚਾਨਣ ਤੋਂ ਦੂਰ ਤਾਂ ਨਹੀਂ ਜਾ ਰਹੇ!
ਭਾਈ ਜਰਨੈਲ ਸਿੰਘ ਦੇ ਰਾਗੀ ਜੱਥੇ ਨੇ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਦਾ ਜ਼ਿਕਰ ਕਰਦੇ ਕੀਰਤਨ ਨਾਲ ਨਿਹਾਲ ਕੀਤਾ। ਭਾਈ ਜਸਕਰਨ ਸਿੰਘ ਧਰਮਕੋਟ ਵਾਲਿਆਂ ਨੇ ਵੀ ਕੀਰਤਨ ਰਾਹੀਂ ਪ੍ਰਕਾਸ਼ ਪੁਰਬ ਤੇ ਸੰਗਤ ਵਿਚ ਹਾਜ਼ਰੀ ਭਰੀ। ਗੁਰਦੁਆਰਾ ਬਰੁੱਕਸਾਈਡ ਦੇ ਹੈੱਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ ਨੇ ਕਥਾ ਰਾਹੀਂ ਸੰਗਤ ਨੂੰ ਸੰਬੋਧਨ ਕੀਤਾ। ਸੇਵਾਦਾਰਾਂ ਬੀਬੀਆਂ ਨੇ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਕੀਰਤਨ ਵਿਚ ਭਾਗ ਲਿਆ। ਬੱਚੀਆਂ ਨੇ ਵੀ ਮਧੁਰ ਕੀਰਤਨ ਰਾਹੀਂ ਸ਼ਬਦ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਭਾਈ ਸੁਰਿੰਦਰ ਸਿੰਘ ਗੌਰੀ ਨੇ ਕਥਾ ਰਾਹੀਂ ਅਤੇ ਬੀਬੀ ਬਲਜੀਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਰੌਸ਼ਨੀ ਪਾਈ। ਕਥਾ ਕੀਰਤਨ ਸਮਾਗਮ ਸਾਰਾ ਦਿਨ ਚੱਲਦਾ ਰਿਹਾ। ਸੰਗਤ ਨੇ ਅਰਦਾਸ ਬੇਨਤੀ ਕਰਦੇ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕੀਤੇ। ਸਮੂਹ ਬੀਬੀਆਂ ਤੇ ਸੇਵਾਦਾਰਾਂ ਨੇ ਸਾਰਾ ਦਿਨ ਲੰਗਰ ਬਨਾਉਣ ਤੇ ਵਰਤਾਉਣ ਦੀ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।