ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਅਜਮੇਰ ਰੋਡੇ ਅਤੇ ਕਵਿੱਤਰੀ ਅਮਨ ਸੀ ਸਿੰਘ ਨਾਲ ਵਿਸ਼ੇਸ਼ ਮਿਲਣੀ
ਹਰਦਮ ਮਾਨ
ਸਰੀ, 24 ਮਈ 2022-ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਅਜਮੇਰ ਰੋਡੇ ਅਤੇ ਕਵਿੱਤਰੀ ਅਮਨ ਸੀ ਸਿੰਘ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਦੌਰਾਨ ਦੋਹਾਂ ਲੇਖਕਾਂ ਨੇ ਆਪਣੇ ਜੀਵਨ, ਸਾਹਿਤਕ ਸਫ਼ਰ ਬਾਰੇ ਵਿਚਾਰ ਪੇਸ਼ ਕੀਤੇ ਅਤੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਇਸ ਸਾਹਿਤਕ ਮਿਲਣੀ ਦਾ ਆਗਾਜ਼ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਪਰੰਤ ਅਜਮੇਰ ਰੋਡੇ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਬਹੁਤ ਹੀ ਦਿਲਚਸਪ ਲਹਿਜ਼ੇ ਵਿਚ ਪੇਸ਼ ਕੀਤਾ ਅਤੇ ਆਪਣੇ ਮੁਸ਼ੱਕਤ ਭਰੇ ਜੀਵਨ, ਵਿਦਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਪਣੇ ਸਾਹਿਤਕ ਕਾਰਜਾਂ, ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਅਤੇ ਆਪਣੀਆਂ ਕੁਝ ਕਵਿਤਾਵਾਂ ਸੁਣਾਈਆਂ। ਅਜਮੇਰ ਰੋਡੇ ਨੇ ਗ਼ਜ਼ਲ ਮੰਚ ਦੇ ਸ਼ਾਇਰਾਂ ਨੂੰ ਵਿਸ਼ਵ ਪੱਧਰ ਤੇ ਰਚੀ ਜਾ ਰਹੀ ਸ਼ਾਇਰੀ ਨਾਲ ਸਾਂਝ ਪਾਉਣ ਦੀ ਤਾਕੀਦ ਕੀਤੀ।
ਉਪਰੰਤ ਪੰਜਾਬੀ ਕਵਿੱਤਰੀ ਅਮਨ ਸੀ ਸਿੰਘ ਨੇ ਆਪਣੇ ਪਰਿਵਾਰਕ ਜੀਵਨ ਬਾਰੇ ਗੱਲਬਾਤ ਸਾਂਝੀ ਕੀਤੀ। ਉਨ੍ਹਾਂ ਪੰਜਾਬੀ ਗ਼ਜ਼ਲ ਸੰਬੰਧੀ ਰਾਜਿੰਦਰ ਬਿਮਲ ਨਾਲ ਮਿਲ ਕੇ ਕੀਤੇ ਖੋਜ ਅਤੇ ਸੰਪਾਦਕੀ ਕਾਰਜ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਆਪਣੀਆਂ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਗ਼ਜ਼ਲ ਮੰਚ ਦੇ ਮੈਂਬਰਾਂ ਨੇ ਦੋਹਾਂ ਲੇਖਕਾਂ ਵੱਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮਿਲਣੀ ਦੌਰਾਨ ਕਵਿਤਾ ਦੇ ਵੱਖ ਵੱਖ ਰੂਪਾਂ, ਪੱਖਾਂ ਸਬੰਧੀ ਬਹੁਤ ਹੀ ਸਾਰਥਿਕ ਵਿਚਾਰ ਚਰਚਾ ਕੀਤੀ ਗਈ।
ਅੰਤ ਵਿਚ ਚੱਲੇ ਕਾਵਿਕ ਦੌਰ ਵਿਚ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਕਵਿੰਦਰ ਚਾਂਦ, ਅਜਮੇਰ ਰੋਡੇ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਹਰਦਮ ਸਿੰਘ ਮਾਨ, ਅਮਨ ਸੀ ਸਿੰਘ ਨੇ ਆਪਣੀਆਂ ਗ਼ਜ਼ਲਾਂ, ਨਜ਼ਮਾਂ ਰਾਹੀਂ ਖੂਬ ਰੰਗ ਬੰਨ੍ਹਿਆਂ। ਇਸ ਮੌਕੇ ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਤੇ ਸ਼ਾਇਰ ਪ੍ਰਭਜੋਤ ਸੋਹੀ ਦਾ ਗੀਤ-ਸੰਗ੍ਰਹਿ 'ਸੰਦਗੀ ਬਾਗ਼' ਲੋਕ-ਅਰਪਣ ਕੀਤਾ ਗਿਆ ਅਤੇ ਗ਼ਜ਼ਲ ਮੰਚ ਵੱਲੋਂ ਪ੍ਰਭਜੋਤ ਸੋਹੀ ਨੂੰ ਮੁਬਾਰਕਬਾਦ ਦਿੱਤੀ ਗਈ। ਅਮਨ ਸੀ ਸਿੰਘ ਦੇ ਪਤੀ ਡਾ. ਚਰਨਜੀਤ ਸਿੰਘ ਨੇ ਵੀ ਇਸ ਸਾਹਿਤਕ ਮਹਿਫ਼ਿਲ ਨੂੰ ਮਾਣਿਆਂ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com