ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਮਹਾਨ ਸਿੱਖ ਇਮਾਰਤਸਾਜ਼ ਰਾਮ ਸਿੰਘ ਦਾ 164ਵਾਂ ਜਨਮ ਦਿਨ ਮਨਾਇਆ
ਰਾਮ ਸਿੰਘ ਆਰਕੀਟੈਕਟ ਦੀ ਤਸਵੀਰ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਸੁਸ਼ੋਭਿਤ ਕਰਨ ਦੀ ਮੰਗ ਕੀਤੀ
ਸ. ਰਾਮ ਸਿੰਘ ਦੇ ਜੀਵਨ ‘ਤੇ ਬਣੀ ਪਹਿਲੀ ਦਸਤਾਵੇਜ਼ੀ ਫਿਲਮ ਕੀਤੀ ਰਿਲੀਜ਼
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਸਰੀ, 8 ਅਗਸਤ 2022-ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਆਧੁਨਿਕ ਸਿੱਖ ਇਮਾਰਤਸਾਜ਼ੀ ਦੇ ਬਾਨੀ ਸਰਦਾਰ ਬਹਾਦਰ ਰਾਮ ਸਿੰਘ ਦਾ 164ਵਾਂ ਜਨਮ ਦਿਵਸ ਮਨਾਇਆ ਗਿਆ। ਸਮਾਗਮ ਦਾ ਆਰੰਭ ਸੋਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।
ਸਮਾਗਮ ਦੇ ਮੁੱਖ ਬੁਲਾਰੇ ਜੈਤੇਗ ਸਿੰਘ ਅਨੰਤ ਨੇ ਮਹਾਨ ਇਮਾਰਤਸ਼ਾਜ਼ ਰਾਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਹੁਨਰਮੰਦ ਕਿਰਤੀ ਪਰਿਵਾਰ ਵਿਚ 1858 ਵਿਚ ਗੁਰਦਾਸਪਰ ਦੇ ਪਿੰਡ ਰਸੂਲਪੁਰ ਵਿਚ ਪੈਦਾ ਹੋਏ ਰਾਮ ਸਿੰਘ ਨੂੰ ਬਚਪਨ ਤੋਂ ਹੀ ਡਰਾਇੰਗ ਦਾ ਸ਼ੌਕ ਸੀ ਅਤੇ ਉਹ ਇਮਾਰਤਾਂ ਦੀ ਚਿੱਤਰਕਾਰੀ ਕਰਨ ਲੱਗ ਪਏ ਸਨ। ਉਨ੍ਹਾਂ ਵੱਲੋਂ ਲੱਕੜੀ ਉਪਰ ਕੀਤੀ ਨੱਕਾਸ਼ੀ ਅਤੇ ਮੀਨਾਕਾਰੀ ਦੀ ਕਲਾ ਉੱਪਰ ਮੇਓ ਕਾਲਜ ਲਾਹੌਰ ਦੇ ਪ੍ਰਿੰਸੀਪਲ ਮਿ: ਜੌਹਨ ਵੁਡ ਕਿਪਲਿੰਗ ਦੀ ਪਾਰਖੂ ਨਜ਼ਰ ਪਈ ਅਤੇ ਉਨ੍ਹਾਂ ਰਾਮ ਸਿੰਘ ਨੂੰ ਆਪਣੇ ਕਾਲਜ ਵਿੱਚ ਡਰਾਇੰਗ ਮਾਸਟਰ ਕਰਨ ਦੇ ਨਾਲ ਆਰਟ ਕਾਲਜ ਲਾਹੌਰ ਦੀ ਇਮਾਰਤ ਸਾਜ਼ੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਰਾਮ ਸਿੰਘ ਨੇ ਆਰਕੀਟੈਕਟ, ਡੀਜ਼ਾਈਨ ਅਤੇ ਇਨਟੀਰਿਅਰ ਡੈਕੋਰੇਸ਼ਨ ਦੇ ਖੇਤਰ 'ਚ ਨਵੇਂ ਮੀਲ ਪੱਥਰ ਕਾਇਮ ਕੀਤੇ। ਜਿਨ੍ਹਾਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ, ਆਰਟ ਕਾਲਜ ਲਾਹੌਰ, ਐਟਕੀਸਨ ਕਾਲਜ ਲਾਹੌਰ, ਗਵਰਨਰ ਹਾਊਸ ਸ਼ਿਮਲਾ, ਲਾਹੌਰ ਮਿਊਜ਼ੀਅਮ, ਦਰਬਾਰ ਹਾਊਸ ਕਪੂਰਥਲਾ, ਚੰਬਾ ਹਾਊਸ ਲਾਹੌਰ, ਖੇਤੀਬਾੜੀ ਕਾਲਜ ਲਾਇਲਪੁਰ, ਇਸਲਾਮੀਆਂ ਵਰਸਿਟੀ ਪਿਸ਼ਾਵਰ, ਸ੍ਰੀ ਦਰਬਾਰ ਸਾਹਿਬ ਦੀ ਮਾਰਬਲਿੰਗ ਡਜ਼ਾਈਨਿੰਗ ਸ਼ਾਮਲ ਹਨ। ਪ੍ਰਿੰਸੀਪਲ ਮਿ: ਕਿਪਲਿੰਗ ਦੀ ਸ਼ਿਫਾਰਸ਼ ਅਤੇ ਮਲਕਾ ਵਿਕਟੋਰੀਆ ਦੀ ਮੰਗ ‘ਤੇ ਇੰਗਲੈਂਡ ਵਿਚ ਬਿਲੀਆਰਡ ਰੂਮ ਡਿਊਕ ਆਫ ਕਨਾਟ ਬਾਗ ਦੇ ਅੰਦਰੂਨੀ ਸ਼ਿੰਗਾਰ ਵਿਚ ਦਿਖਾਏ ਆਪਣੇ ਹੁਨਰ ਦੇ ਕਮਾਲ ਰਾਹੀਂ ਰਾਮ ਸਿੰਘ ਨੇ ਮਲਕਾ ਵਿਕਟੋਰੀਆ ਦਾ ਦਿਲ ਜਿੱਤ ਲਿਆ। ਅੰਗਰੇਜ਼ੀ ਹਕੂਮਤ ਵੱਲੋਂ ਭਾਈ ਰਾਮ ਸਿੰਘ ਨੂੰ 1905 ਵਿਚ ਕੇਸਰ-ਇ-ਹਿੰਦ, 1907 ਵਿਚ ਸਰਦਾਰ ਸਾਹਿਬ, 1911 ਵਿਚ ਸਰਦਾਰ ਬਹਾਦਰ ਐਵਾਰਡ ਨਾਲ ਨਿਵਾਜਿਆ ਗਿਆ। ਸ. ਅਨੰਤ ਨੇ ਉਸ ਮਹਾਨ ਇਮਾਰਤਸਾਜ਼ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਅਣਗੌਲਿਆਂ ਕਰਨ ‘ਤੇ ਦੁੱਖ ਵੀ ਪ੍ਰਗਟ ਕੀਤਾ।
ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਰਾਮ ਸਿੰਘ ਸੋਹਲ, ਪੂਰਬੀ ਅਤੇ ਪੱਛਮੀ ਦੋਹਾਂ ਪੰਜਾਬਾਂ ਦੀ ਸਾਂਝੀ ਵਿਸ਼ਵ ਪੱਧਰੀ ਵਿਰਾਸਤ ਦੇ ਉੱਘੇ ਅਤੇ ਪਹਿਲੇ ਸਿੱਖ ਇਮਾਰਸਾਜ਼, ਮਹਾਨ ਆਰਕੀਟੈਕਚਰ ਅਤੇ ਇੰਟੀਰੀਅਰ ਡਿਜ਼ਾਇਨਰ ਸਨ। ਅੱਜ ਅਸੀਂ ਉਨ੍ਹਾਂ ਦਾ 164ਵਾਂ ਜਨਮ ਦਿਨ ਮਨਾ ਰਹੇ ਹਾਂ ਅਤੇ ਅਗਲੇ ਸਾਲ ਮਈ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਉਤਸਵ ਆ ਰਿਹਾ ਹੈ ਅਤੇ ਉਸ ਵਿਰਾਸਤ ਲੜੀ ਦੇ ਅਧੀਨ ਹੀ ਇਹ ਸਾਰੇ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਅਸੀਂ ਆਪਣੇ ਸਿੱਖ ਵਿਰਸੇ ਨੂੰ ਉਜਾਗਰ ਕਰ ਸਕੀਏ।
ਸ. ਜੱਬਲ ਵੱਲੋਂ ਇਸ ਮੌਕੇ ਇਕ ਮਤਾ ਪੇਸ਼ ਕੀਤਾ ਗਿਆ ਜਿਸ ਰਾਹੀਂ ਸਿੱਖਾਂ ਦੀ ਪ੍ਰਮੁੱਖ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਮੰਗ ਕੀਤੀ ਗਈ ਕਿ ਮਹਾਨ ਆਰਕੀਟੈਕਚਰ ਭਾਈ ਰਾਮ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਚ ਸੁਸ਼ੋਭਿਤ ਕੀਤੀ ਜਾਵੇ। ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਬਾਨੀ ਪ੍ਰਧਾਨ ਮੋਤਾ ਸਿੰਘ ਝੀਤਾ, ਮੌਜੂਦਾ ਪ੍ਰਧਾਨ ਧਰਮ ਸਿੰਘ ਪਨੇਸਰ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਾਨੀ ਪ੍ਰਧਾਨ ਗਿਆਨ ਸਿੰਘ ਸੰਧੂ ਨੇ ਇਸ ਮਤੇ ਦੀ ਤਾਈਦ ਕਰਦਿਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਭਾਈ ਰਾਮ ਸਿੰਘ ਨੂੰ ਬਣਦਾ ਸਨਮਾਨ ਦਿੱਤਾ ਜਾਵੇ।
ਇਸ ਮੌਕੇ ਲਹਿੰਦੇ ਪੰਜਾਬ ਦੇ ਪ੍ਰੋ. ਮੁਹੰਮਦ ਪਰਵੇਜ਼ ਵੰਦਲ ਅਤੇ ਪ੍ਰੋ. ਸਾਜਿਦਾ ਹੈਦਰ ਵੰਦਲ ਵੱਲੋਂ ਭਾਈ ਰਾਮ ਸਿੰਘ ਦੇ ਜੀਵਨ, ਕਲਾ, ਉਨ੍ਹਾਂ ਦੇ ਮਹਾਨ ਕਾਰਜਾਂ ਅਤੇ ਪ੍ਰਾਪਤੀਆਂ ਉਪਰ ਲਿਖੀ ਪਹਿਲੀ ਅਤੇ ਖੋਜ ਭਰਪੂਰ ਅੰਗਰੇਜ਼ੀ ਪੁਸਤਕ ‘ਦਿ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਰਿਲੀਜ਼ ਕੀਤੀ ਗਈ। ਭਾਈ ਰਾਮ ਸਿੰਘ ਦੇ ਜੀਵਨ ਉੱਪਰ ਜੈਤੇਗ ਸਿੰਘ ਅਨੰਤ ਵੱਲੋਂ ਤਿਆਰ ਕੀਤੀ ਗਈ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ ਕੀਤੀ ਗਈ ਜਿਸ ਵਿਚ ਪ੍ਰੋ. ਮੁਹੰਮਦ ਪਰਵੇਜ਼ ਵੰਦਲ, ਪ੍ਰੋ. ਸਾਜਿਦਾ ਹੈਦਰ ਵੰਦਲ, ਪ੍ਰੋ. ਬਲਵਿੰਦਰ ਸਿੰਘ, ਡਾ. ਜਤਿੰਦਰ ਕੌਰ, ਐਸੋਸੀਏਟ ਪ੍ਰੋ. ਰਿਪੂਦਮਨ ਸਿੰਘ ਵੱਲੋਂ ਭਾਈ ਰਾਮ ਸਿੰਘ ਸੰਬੰਧੀ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਗਏ।
ਅੰਤ ਵਿਚ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਗਹੀਰ, ਦਲਜੀਤ ਸਿੰਘ ਪਨੇਸਰ, ਰਾਜਿੰਦਰ ਸਿੰਘ ਪੰਧੇਰ, ਬਿੱਕਰ ਸਿੰਘ ਖੋਸਾ, ਚਰਨ ਸਿੰਘ ਵਿਰਦੀ, ਬਲਿੰਦਰ ਸਿੰਘ ਢੀਂਡਸਾ, ਬੰਤਾ ਸਿੰਘ ਸੱਭਰਵਾਲ, ਮੋਹਿੰਦਰ ਸਿੰਘ ਫਲੋਰੇ, ਨਿਰਮਲ ਸਿੰਘ ਕਲਸੀ, ਦਵਿੰਦਰ ਸਿੰਘ ਜੱਬਲ, ਹਰਦਮ ਸਿੰਘ ਮਾਨ, ਜਰਨੈਲ ਸਿੰਘ ਸਿੱਧੂ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਦੇ ਮੌਜੂਦਾ ਮੈਂਬਰ ਸਾਹਿਬਾਨ ਹਾਜ਼ਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com