ਬੱਲੇ ਓ ਪ੍ਰਵਾਸੀ ਪੰਜਾਬੀਓ: ਲੱਖਾਂ ਖਰਚਕੇ ਪਿੰਡ ਬਸਿਆਲਾ ਵਿਖੇ ਬਣਾਤਾ ਆਮ ਆਦਮੀ ਕਲੀਨਿਕ
‘ਸਿਹਤ ਸਹੂਲਤ ਵੀ ਇਕ ਸੇਵਾ- ਬਹਾਦਰ ਸਿੰਘ ਅਮਰੀਕਾ
ਵਿਧਾਨ ਸਭਾ ਦੇ ਬਾਹਰ ਕਦੇ ਕਰਦੇ ਸੀ ਚਾਹ ਦਾ ਕਾਰੋਬਾਰ
ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ 13 ਅਗਸਤ ਦੇ ਪ੍ਰੋਗਰਾਮ ਵੇਲੇ ਜਾਰੀ ਕਰਨਗੇ ਸੋਵੀਨਰ
ਹਰਜਿੰਦਰ ਸਿੰਘ ਬਸਿਆਲਾ-ਬਾਬੂਸ਼ਾਹੀ ਨੈਟਵਰਕ
ਔਕਲੈਂਡ 11 ਅਗਸਤ 2022-ਸੰਸਾਰ ਦੇ ਵਿਚ ਬਹੁਤ ਸਾਰੇ ਲੋਕਾਂ ਕੋਲ ਪੈਸਾ, ਸ਼ੌਹਰਤ ਅਤੇ ਕਮਾਈ ਦੇ ਸਦਾ ਬਹਾਰ ਸਮੁੰਦਰ ਵਰਗੇ ਸਰੋਤ ਹਨ, ਪਰ ਸਮਾਜ ਸੇਵਾ ਦੇ ਲਈ ਫੁੱਟਦੀਆਂ ਨਦੀਆਂ, ਖਾਲਿਆਂ ਤੇ ਸੂਇਆਂ ਤੱਕ ਦਾ ਸੁਭਾਗਾ ਸਮਾਂ ਬਹੁਤਿਆਂ ਦੇ ਹਿੱਸੇ ਨਹੀਂ ਆਉਂਦਾ। ਇਸਦੇ ਲਈ ਕਈ ਕਾਰਨ ਹੋ ਸਕਦੇ ਹਨ ਪਰ ਪਿੰਡ ਬਸਿਆਲਾ ਤਹਿਸੀਲ ਗੜ੍ਹਸ਼ੰਕਰ ਦਾ ਇਕ ਪਰਿਵਾਰ ਜਿਸਦੇ ਬਹੁਤੇ ਮੈਂਬਰ ਹੁਣ ਰਾਜਧਾਨੀ ਚੰਡੀਗੜ੍ਹ ਵਿਖੇ ਕਾਰੋਬਰਾ ਦੇ ਝੰਡੇ ਗੱਡ ਕੇ ਅਤੇ ਫਿਰ ਦਹਾਕਿਆਂ ਪਹਿਲਾਂ ਇਥੋਂ ਤਬਦੀਲ ਹੋ ਕੇੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਜਰਮਨ ਵਰਗੇ ਮੁਲਕਾਂ ਵਿਚ ਰੈਣ ਬਸੇਰਾ ਬਣਾ ਕੇ ਵਸਣ ਲੱਗ ਗਏ ਹਨ, ਦਾ ਪਿੰਡ ਪ੍ਰਤੀ ਪਿਆਰ ਇਕ ਉਦਾਹਰਣ ਬਣਿਆ ਜਾਪਦਾ ਹੈ।
ਸਵ.ਕਰਤਾਰ ਸਿੰਘ।
ਸਵ. ਕਰਤਾਰ ਸਿੰਘ ਚੰਡੀਗੜ੍ਹ ਜਿਨ੍ਹਾਂ ਨੂੰ ਰਾਜਧਾਨੀ ਚੰਡੀਗੜ੍ਹ ਦੇ ਵਿਚ ਅਤੇ ਰਾਜਸੀ ਲੋਕਾਂ ਦੇ ਵਿਚ ਦੋਆਬਾ ਟੈਂਟ ਸਰਵਿਸ ਵਾਲੇ ਅਤੇ ਦੋਆਬਾ ਸਵੀਟਸ ਵਾਲੇ ਕਰਕੇ ਜਾਣਿਆ ਜਾਂਦਾ ਸੀ, ਦੇ ਬੇਟੇ ਸ. ਬਹਾਦਰ ਸਿੰਘ ਬਸਿਆਲਾ ਵਾਸੀ ਮੈਡਸਿਟੋ ਅਮਰੀਕਾ ਵਾਲਿਆਂ ਨੇ ਬਾਕੀ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਣੇ ਬਜ਼ੁਰਗਾਂ (ਦਾਦਾ ਸਵ. ਰਾਮ ਚੰਦ) ਦੇ ਪਿੰਡ ਬਸਿਆਲਾ ਵਾਲੇ ਘਰ ਨੂੰ ਆਲੀਸ਼ਾਨ ਮਾਡਰਨ ਹਸਪਤਾਲ ਦੇ ਵਿਚ ਤਬਦੀਲ ਕਰਕੇ ਪਿੰਡ ਅਤੇ ਇਲਾਕੇ ਦੀਆਂ ਸਿਹਤ ਸਹੂਲਤਾਂ ਨੂੰ ‘ਆਮ ਆਦਮੀ ਕਲੀਨਿਕ’ ਵਜੋਂ ਸਮਰਪਿਤ ਕੀਤਾ ਹੈ। ਪੰਜਾਬੀਆਂ ਦੇ ਆਪਣੇ ਪਿੰਡ ਲਈ ਦਿਖਾਏ ਗਏ ਪਿਆਰ ਦੀ ਇਹ ਇਕ ਸੁੰਦਰ ਮਿਸਾਲ ਸਾਬਿਤ ਹੋਵੇਗੀ। ਵਰਨਣਯੋਗ ਹੈ ਕਿ ਜਦੋਂ 1956 ਦੇ ਕਰੀਬ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਅਤੇ ਸੈਕਟ੍ਰੀਏਟ ਦੀ ਉਸਾਰੀ ਸ਼ੁਰੂ ਹੋਈ ਤਾਂ ਸਵ. ਸ. ਕਰਤਾਰ ਸਿੰਘ ਅਤੇ ਹੋਰ ਮੈਂਬਰ ਇਸ ਸਥਾਨ ਉਤੇ ਚਾਹ-ਪਾਣੀ ਅਤੇ ਖਾਣ-ਪੀਣ ਸਮਾਨ ਦਾ ਨਿੱਕਾ ਜਿਹਾ ਕਾਰੋਬਾਰ ਕਰਦੇ ਸਨ ਜੋ ਬਾਅਦ ਵਿਚ ਦੋਆਬਾ ਰੈਸਟੋਰੈਂਟ, ਦੁਆਬਾ ਕੇਟਰਿੰਗ ਅਤੇ ਦੁਆਬਾ ਟੈਂਟ ਸਰਵਿਸ ਦੇ ਨਾਂਅ ਨਾਲ ਮਸ਼ਹੂਰ ਹੋਇਆ। ਇਸਦੀ ਇਕ ਸ਼ਾਖਾ ਅਜੇ ਵੀ ਇਕ ਪਰਿਵਾਰਕ ਮੈਂਬਰ ਚਲਾਉਂਦਾ ਹੈ।
ਪਿੰਡ ਬਸਿਆਲਾ ਵਿਖੇ ਬਣਾਇਆ ਜਾਣਾ ਵਾਲਾ ਸਵ. ਸ. ਕਰਤਾਰ ਸਿੰਘ ਚੰਡੀਗੜ੍ਹ ਦੋਆਬਾ ਹਸਪਤਾਲ ਪਹਿਲਾਂ ਪ੍ਰਾਈਵੇਟ ਚਲਾਉਣਾ ਸੀ, ਪਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮਾਣਯੋਗ ਮੁੱੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸ਼ੁਰੂ ਹੋਣ ਜਾ ਰਹੀਆਂ ਮੁਹੱਲਾ ਕਲੀਨਿਕਾਂ ਦੀ ਚਰਚਾ ਹੋਣ ਬਾਅਦ ਪ੍ਰਬੰਧਕਾਂ ਦਾ ਧਿਆਨ ਇਸ ਪਾਸੇ ਘੁੰਮਿਆ। ਸ਼ੁਰੂਆਤ ਦੇ ਵਿਚ ਇਸ ਨੂੰ ਆਮ ਆਦਮੀ ਕਲੀਨਿਕ ਦੇ ਵਿਚ ਸ਼ਾਮਿਲ ਕਰਨ ਦੀ ਬੇਨਤੀ ਪਿੰਡ ਦੇ ਇਕ ਪ੍ਰਵਾਸੀ ਪੱਤਰਕਾਰ ਤੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ (ਪੰਜਾਬੀ ਹੈਰਲਡ ਆਨ ਲਾਈਨ ਅਖਬਾਰ ਨਿਊਜ਼ੀਲੈਂਡ) ਨੇ ਉਦੋਂ ਦੇ ਸਿਹਤ ਮੰਤਰੀ ਤੱਕ ਪਹੁੰਚ ਕੀਤੀ ਫਿਰ ਵਿਧਾਇਕ ਸ. ਗੁਰਪ੍ਰੀਤ ਸਿੰਘ ਬਨਾਂਵਾਲੀ ਰਾਹੀਂ ਗੱਲ ਅੱਗੇ ਤੋਰੀ। ‘ਬਸਿਆਲਾ ਐਨ. ਆਰ. ਆਈ. ਵੈਲਫੇਅਰ ਸੁਸਾਇਟੀ’ ਦੇ ਮੁੱਢਲੇ ਮੈਂਬਰਾਂ ਮਾਸਟਰ ਸ. ਗੁਰਚਰਨ ਸਿੰਘ ਬਸਿਆਲਾ (ਸਿੱਖ ਪ੍ਰਚਾਰਕ), ਸ. ਮੁਖਤਿਆਰ ਸਿੰਘ, ਸ. ਗੁਰਜੀਤ ਸਿੰਘ ਤੇ ਸ. ਜਗਤਾਰ ਸਿੰਘ ਹੋਰਾਂ ਨੇ ਸ. ਹਰਜਿੰਦਰ ਸਿੰਘ ਬਸਿਆਲਾ ਅਤੇ ਸ. ਬਹਾਦਰ ਸਿੰਘ ਨਾਲ ਮਸ਼ਵਰਾ ਕਰਕੇ ਹਲਕਾ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਹੋਰਾਂ ਨੂੰ ਇਹ ਬੇਨਤੀ ਵੀ ਪੁੱਜਦੀ ਕਰ ਦਿੱਤੀ। ਸ. ਰੌੜੀ ਹੋਰਾਂ ਇਸ ਹਸਪਤਾਲ ਦਾ ਜ਼ਿਕਰ ਵਿਧਾਨ ਸਭਾ ਦੇ ਵਿਚ ਵੀ ਕੀਤਾ ਅਤੇ ਬਣੇ ਹਸਪਤਾਲ ਨੂੰ ਵੇਖਣ ਵੀ ਆਏ।
ਇਸ ਹਸਪਤਾਲ ਨੂੰ ਚਾਲੂ ਕਰਨ ਦੇ ਲਈ ਪਿੰਡ ਵਾਲਿਆਂ ਦੇ ਸਹਿਯੋਗ ਤੋਂ ਇਲਾਵਾ ਅਮਰੀਕਾ, ਕੈਨੇਡਾ, ਇਟਲੀ, ਪੁਰਤਗਾਲ, ਜਰਮਨ, ਇੰਗਲੈਂਡ, ਡੁਬਈ, ਗ੍ਰੀਸ, ਨਿਊਜ਼ੀਲੈਂਡ, ਆਸਟਰੇਲੀਆ, ਡੈਨਮਾਰਕ ਅਤੇ ਹੋਰ ਕਈ ਮੁਲਕਾਂ ਦੇ ਵਿਚ ਵਸੇ ਪਿੰਡ ਬਸਿਆਲਾ ਦੇ ਲੋਕਾਂ ਨੇ ਅਥਾਹ ਸਹਿਯੋਗ ਦਿੱਤਾ। ‘ਆਮ ਆਦਮੀ ਕਲੀਨਿਕਾਂ’ ਦੇ ਸਮੁੱਚੇ ਕਲੀਨਿਕਾਂ ਦੇ ਵਿਚੋਂ ਸ਼ਾਇਦ ਇਹ ਪਹਿਲਾ ਕਲੀਨਿਕ ਹੋਵੇਗਾ ਜਿਸਦੇ ਫੀਚਰਾਂ ਦੇ ਵਿਚ ਸ਼ਾਮਿਲ ਹਨ:-ਡਾਕਟਰ ਰੂਮ ਜਿਸ ਦੇ ਅੰਦਰ ਹੀ ਅਲੱਗ ਤੋਂ ਚੈਕਅੱਪ ਰੂਮ ਹੈ, ਡਾਕਟਰਜ਼ ਦੇ ਬਾਥਰੂਮ ਹੈ, ਜਨਰਲ ਵਾਰਡ ਬਣਿਆ ਹੈ ਜਿਸ ਦੇ ਵਿਚ ਪੰਜ ਮਰੀਜ਼ਾਂ ਵਾਲੇ ਬੈਡ ਲਗਾਏ ਜਾ ਸਕਦੇ ਹਨ, ਇਸਦਾ ਵੀ ਆਪਣਾ ਬਾਥਰੂਮ ਹੈ, ਰਿਸੈਪਸ਼ਨ ਏਰੀਆ ਹੈ, ਨਰਸਿੰਗ ਰੂਮ ਅਤੇ ਬਾਥਰੂਮ ਵੀ ਅਲੱਗ ਹੈ। ਮਰੀਜ਼ਾਂ ਦੇ ਲਈ ਉਡੀਕ ਘਰ ਵਜੋਂ ਵੱਡਾ ਹਵਾਦਾਰ ਬਰਾਂਡਾ ਹੈ ਅਤੇ ਇਥੇ ਇਕ ਐਮਰਜੈਂਸੀ ਦਰਵਾਜ਼ਾ ਵੀ ਰੱਖਿਆ ਗਿਆ ਹੈ। ਮਰੀਜਾਂ ਦੇ ਲੈਬ ਟੈਸਟ ਵਾਸਤੇ ਸਪੈਸ਼ਲ ਲੈਬਾਰਟਰੀ ਹੈ ਜੋ ਤਕਨੀਕੀ ਮਾਪਦੰਢਾ ਅਨੁਸਾਰ ਸ਼ੈਲਫ ਅਤੇ ਸਿੰਕ ਲਗਾ ਕੇ ਬਣਾਈ ਗਈ ਹੈ, ਦਵਾਈਆਂ ਵਾਸਤੇ ਅਲੱਗ ਤੋਂ ਕਮਰਾ ਹੈ ਅਤੇ ਵਿੰਡੋ ਸਰਵਿਸ ਵਾਸਤੇ ਅਲੱਗ ਤੋਂ ਖਿੜਕੀ ਵੀ ਹੈ। ਜਨਰਲ ਬਾਥਰੂਮ ਇਕ ਪੁਰਸ਼ਾਂ ਲਈ ਹੈ, ਇਕ ਮਹਿਲਾਵਾਂ ਲਈ ਅਤੇ ਇਕ ਜਨਰਲ ਬਣਾਇਆ ਗਿਆ ਹੈ ਜਿੱਥੇ ਇੰਡੀਅਨ ਸਟਾਈਲ ਟੁਆਲਿਟ ਸੀਟ ਅਤੇ ਨਹਾਉਣ ਵਾਸਤੇ ਸ਼ਾਵਰ ਦਾ ਪ੍ਰਬੰਧ ਹੈ। ਪਾਣੀ ਦੀ ਨਿਰੰਜਰ ਸਪਲਾਈ ਵਾਸਤੇ 180 ਫੁੱਟ ਡੂੰਘਾ ਸਬਮਰਸੀਬਲ ਬੋਰ ਹੈ, ਵੱਡੀ ਟੈਂਕੀ ਹੈ। ਠੰਡੇ ਪਾਣੀ ਵਾਸਤੇ ਇਕ 180 ਲੀਟਰ ਵਾਲਾ ਵਾਟਰ ਕੂਲਰ ਹੈ ਅਤੇ ਇਕ ਡਾਕਟਰ ਰੂਮ ਵਾਸਤੇ ਵਾਟਰ ਡਿਸਪੈਂਸਰ ਜੋ ਕਿ ਫਰਿੱਜ ਵਾਲਾ ਹੈ, ਲਿਆ ਕੇ ਚਾਲੂ ਕਰ ਦਿੱਤਾ ਗਿਆ ਹੈ। ਸੀ. ਸੀ. ਟੀ.ਵੀ. ਲਗਾ ਦਿੱਤੇ ਗਏ ਹਨ। 13 ਛੱਤ ਵਾਲੇ ਪੱਖੇ ਹਨ। 2-3 ਏਅਰ ਕੰਡੀਸ਼ਨ ਵੀ ਲਗਾਏ ਜਾ ਰਹੇ ਹਨ। ਸਕੂਟਰ-ਮੋਟਰਸਾਈਕਲ ਅਤੇ ਕਾਰ ਪਾਰਕਿੰਗ ਦੇ ਲਈ ਕਾਫੀ ਜਗ੍ਹਾ ਛੱਡੀ ਗਈ ਹੈ। ਹਸਪਤਾਲ ਦਾ ਮੁੱਖ ਦੁਆਰਾ ਸਟਰੈਚਰ ਆਦਿ ਲੰਘਾਉਣ ਦੀ ਵਿਵਸਥਾ ਰੱਖ ਕੇ ਵੱਡਾ ਬਣਾਇਆ ਗਿਆ ਹੈ ਅਤੇ ਇਥੇ ਰੈਂਪ ਬਣਾ ਕੇ ਰੇਲਿੰਗ ਲਗਾਈ ਗਈ ਹੈ। ਸੜਕ ਉਤੇ ਬਣਿਆ ਰੈਂਪ ਵੀ ਰੇਲਿੰਗ ਵਾਲਾ ਹੈ ਤਾਂ ਕਿ ਕੋਈ ਸਿਆਣਾ ਬੰਦਾ ਆਸਾਨੀ ਨਾਲ ਹਸਪਤਾਲ ਆ ਸਕੇ। ਸੜਕ ਉਤੇ ਲੱਗਿਆ ਮੁੱਖ ਗੇਟ ‘ਸੀ ਥਰੂ’ (ਆਰ-ਪਾਰ ਵੇਖਣ ਵਾਲਾ) ਬਣਾਇਆ ਗਿਆ ਹੈ ਤਾਂ ਕਿ ਬਾਹਰੋਂ ਇਸਦੀ ਵਿੜਕ ਰਹੇ। ਮੈਨੇਜਮੈਂਟ ਵੱਲੋਂ ਇਕ ਛੋਟਾ ਦਫਤਰ ਪਹਿਲੀ ਮੰਜ਼ਿਲ ਉਤੇ ਰੱਖਿਆ ਗਿਆ ਹੈ। ਐਲੁਮੀਨੀਅਮ ਦਾ ਕੈਬਿਨ ਹੈ, ਫਰਿੱਜ ਹੈ ਅਤੇ ਸਟੋਰੇਜ ਵਾਸਤੇ ਕੁਝ ਅਲਮਾਰੀਆਂ ਰੱਖੀਆਂ ਜਾਣਗੀਆਂ। ਸੁੰਦਰ ਪੌੜੀਆਂ ਬਣਾਈਆਂ ਗਈਆਂ ਹਨ, ਰੇਲਿੰਗ ਲੱਗੀ ਹੈ ਅਤੇ ਛੱਤ ਦੇ ਉਤੇ ਖੁੱਲ੍ਹਾ ਵਿਹੜਾ ਹੈ ਜਿਹੜਾ ਬਹੁ ਮੰਤਵੀ ਕੰਮ ਦੇ ਸਕਦਾ ਹੈ। ਹਸਪਤਾਲ ਦੇ ਵਿਹੜੇ ਦੇ ਵਿਚ ਜਿੱਥੇ ਸੁੰਦਰ ਸੀਮਿੰਟ ਟਾਇਲਜ਼ ਹਨ ਉਤੇ ਚੁਫੇਰੇ ਕੀਤਾ ਬਗਲ ਸੁਰੱਖਿਆ ਪ੍ਰਦਾਨ ਕਰਦਾ ਹੈ। ਹਸਪਤਾਲ ਦਾ ਬੋਰਡ ਜਿੱਥੇ ਸਰਕਾਰ ਵੱਲੋਂ ਬਣਾਇਆ ਗਿਆ ਹੈ ਉਥੇ ਇਕ ਹੋਰ ਟਿਊਬ ਲਾਈਟਾਂ ਵਾਲਾ ਲਗਾਇਆ ਜਾਵੇਗਾ। ਇੰਟਰਨੈਟ ਦੀ ਸਹੂਲਤ ਦੇ ਲਈ ਵਾਈ-ਫਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਸੋਵੀਨਰ: ਜਿਸ ਪਰਿਵਾਰ ਨੇ ਇਸ ਹਸਪਤਾਲ ਦਾ ਨਿਰਮਾਣ ਕਰਵਾਇਆ ਹੈ, ਉਨ੍ਹਾਂ ਦੇ ਸਬੰਧ ਵਿਚ ਪ੍ਰਸਿੱਧ ਪੱਤਰਕਾਰ ਸ. ਹਰਜਿੰਦਰ ਸਿੰਘ ਬਸਿਆਲਾ (ਪੰਜਾਬੀ ਹੈਰਲਡ ਨਿਊਜ਼ੀਲੈਂਡ) ਵਾਲਿਆਂ ਨੇ ਇਕ 8 ਸਫ਼ਿਆਂ ਦਾ ਰੰਗਦਾਰ ਸੋਵੀਨਰ ਵੀ ਜਾਰੀ ਕੀਤਾ ਹੈ। ਜਿਸ ਦੇ ਵਿਚ ਹਸਪਤਾਲ ਬਨਣ ਤੱਕ ਦੀ ਪੂਰੀ ਕਹਾਣੀ ਨੂੰ ਬਿਆਨ ਕੀਤਾ ਗਿਆ, ਸਵ. ਕਰਤਾਰ ਸਿੰਘ ਹੋਰਾਂ ਦਾ ਅਤੇ ਪਰਿਵਾਰਕ ਮੈਂਬਰਾਂ ਦਾ ਜੀਵਨ ਵੇਰਵਾ ਹੈ।
13 ਅਗਸਤ ਨੂੰ ਹੋਵੇਗਾ ਧਾਰਮਿਕ ਸਮਾਗਮ: ਸਰਕਾਰ ਜਿੱਥੇ ਇਸ ਹਸਪਤਾਲ ਦੀ ਵਰਤੋਂ 15 ਅਗਸਤ ਨੂੰ ਕਰਨਾ ਸ਼ੁਰੂ ਕਰੇਗੀ ਉਥੇ 13 ਅਗਸਤ ਨੂੰ ਹਸਪਤਾਲ ਅੰਦਰ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਅਤੇ ਉਪਰੰਤ ਗੁਰਦੁਆਰਾ ਸ਼ਹੀਦਾਂ ਸਿੰਘਾ ਵਿਖੇ ਵਿਸ਼ੇਸ਼ ਕੀਰਤਨ ਤੇ ਮਾਨ-ਸਨਮਾਨ ਸਮਾਗਮ ਹੋਣਗੇ ਜਿਸ ਦੇ ਵਿਚ ਸਥਾਨਿਕ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਸੀ ਨੇਤਾ ਪਹੁੰਚਣਗੇ। ਅਮਰੀਕਾ ਤੋਂ ਸ.ਬਹਾਦਰ ਸਿੰਘ, ਇੰਗਲੈਂਡ ਤੋਂ ਭੈਣਜੀ ਸ੍ਰੀਮਤੀ ਜਸਵਿੰਦਰ ਕੌਰ, ਜਰਮਨ ਤੋਂ ਸ. ਭੁਪਿੰਦਰ ਸਿੰਘ ਭਿੰਦੀ ਅਤੇ ਨਿਊਜ਼ੀਲੈਂਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਵੀ ਵਿਸ਼ੇਸ਼ ਤੌਰ ਉਤੇ ਪਹੁੰਚ ਰਹੇ ਹਨ।
15 ਅਗਸਤ ਨੂੰ ਹੋਵੇਗੀ ਰਸਮੀ ਸ਼ੁਰੂਆਤ: ਸਰਕਾਰ ਵੱਲੋਂ 15 ਅਗਸਤ ਨੂੰ ਆਜਾਦੀ ਦਿਵਸ ਮੌਕੇ ਬਾਕੀ ਹੋਰ 75 ਕਲੀਨਿਕਾਂ ਦੇ ਨਾਲ ਇਸ ਹਸਪਤਾਲ ਦੇ ਵਿਚੋਂ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਸੋ ਕੁਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਹੁਣ ਤੱਕ ਖੁੱਲ੍ਹ ਰਹੇ ਆਮ ਆਦਮੀ ਕਲੀਨਿਕਾਂ ਦੇ ਵਿਚੋਂ ਇਸ ਮਾਡਰਨ ਕਲੀਨਿਕ ਦੀ ਖਾਸੀਅਤ ਆਪਣੇ ਆਪ ਵਿਚ ਕਮਾਲ ਕਰਦੀ ਹੈ। ਪਿੰਡ ਬਸਿਆਲਾ ਅਤੇ ਆਸ ਪਾਸ ਪਿੰਡ ਦੇ ਲੋਕ ਸਿਹਤ ਸਹੂਲਤਾਂ ਦੇ ਲਈ ਅੱਗੇ ਆਏ ਪਿੰਡ ਬਸਿਆਲਾ ਦੇ ਐਨ. ਆਰ. ਆਈਜ਼ ਖਾਸ ਕਰ ਸ. ਬਹਾਦਰ ਸਿੰਘ ਅਮਰੀਕਾ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਬਹੁਤ ਖੁਸ਼ ਹਨ।