ਪੈਸੇਫਿਕ ਅਕੈਡਮੀ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋਏ
ਹਰਦਮ ਮਾਨ
ਸਰੀ, 9 ਦਸੰਬਰ 2022: ਪੈਸੇਫਿਕ ਅਕੈਡਮੀ ਦੇ ਗਰੇਡ ਇਲੈਵਨ ਦੇ ਵਿਦਿਆਰਥੀ ਆਪਣੇ ਅਧਿਆਪਕ ਕਰਿਸ ਵੈਨਜ਼ੂਰਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਨਤਮਸਤਕ ਹੋਏ। ਮਹਾਂਮਾਰੀ ਦੀਆਂ ਸਖਤਾਈਆਂ ਖਤਮ ਹੋਣ ਬਾਅਦ ਹਾਜ਼ਰੀ ਭਰਨ ਦੀ ਖੁੱਲ੍ਹ ਹੋਣ ਪਿਛੋਂ ਗੁਰਦੁਆਰਾ ਸਾਹਿਬ ਵਿਚ ਪੈਸੇਫਿਕ ਅਕੈਡਮੀ ਦੇ ਵਿਦਿਆਰਥੀਆਂ ਦਾ ਇਹ ਦੂਜਾ ਗਰੁੱਪ ਸੀ। ਸਾਰੇ ਵਿਦਿਆਰਥੀ ਪਹਿਲੀ ਵਾਰ ਕਿਸੇ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਆਏ ਸਨ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੋਂ ਜਾਣੂੰ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਬਾਰੇ ਛਪਿਆ ਹੋਇਆ ਪੈਂਫਲਿਟ ਵੀ ਦਿੱਤਾ ਤਾਂ ਕਿ ਬਾਦ ਵਿਚ ਵੀ ਉਹ ਆਪਣੇ ਇਸ ਸਕੂਲ ਦੇ ਟਰਿੱਪ ਬਾਰੇ ਵਿਚਾਰ ਕਰ ਸਕਣ। ਵਿਦਿਆਰਥੀਆਂ ਨੇ ਗੁਰਦੁਆਰਾ ਹਾਲ ਵਿਚ ਨਜ਼ਰ ਆਉਣ ਵਾਲੀਆਂ ਵਸਤਾਂ ਚੌਰ, ਖੰਡਾ, ਦੇਗ ਅਤੇ ਚੰਦੋਆ ਸਾਹਿਬ ਤੇ ਲਿਖੀ ਹੋਈ ਗੁਰਬਾਣੀ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ ਅਤੇ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਇਹਨਾਂ ਪਹਿਲੂਆਂ ਬਾਰੇ ਸਿੱਖ ਫਲਸਫੇ ਨਾਲ ਸੰਬੰਧਤ ਆਪੋ ਆਪਣੇ ਸੁਆਲ ਵੀ ਪੁੱਛੇ। ਦਰਬਾਰ ਹਾਲ ਵਿਚ ਉਸ ਸਮੇਂ ਭਾਈ ਪਾਲ ਸਿੰਘ ਪਾਰਸ ਗੰਗਾਨਗਰ ਵਾਲਿਆ ਦਾ ਰਾਗੀ ਜੱਥਾ ਗੁਰਬਾਣੀ ਕੀਰਤਨ ਕਰ ਰਿਹਾ ਸੀ ਤੇ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਕੀਰਤਨ ਦੀ ਮਰਿਆਦਾ ਅਤੇ ਆ ਰਹੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਨਤਮਸਤਕ ਹੁੰਦਿਆਂ ਵੀ ਤੱਕਿਆ। ਗੈਲਰੀ ਹਾਲ ਵਿੱਚੋਂ ਤੀਜੀ ਮੰਜ਼ਿਲ ਤੇ ਤਕਰੀਬਨ ਇਕ ਘੰਟੇ ਦੇ ਵਿਚਾਰ ਵਟਾਂਦਰੇ ਬਾਅਦ ਦਰਬਾਰ ਹਾਲ ਵਿਚ ਪਹੁੰਚ ਕੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜ਼ਾਨਾ ਪ੍ਰਕਾਸ਼, ਸੁੱਖਆਸਨ, ਕੀਰਤਨ ਤੇ ਦਰਬਾਰ ਹਾਲ ਵਿਚ ਗੁਰੂ ਜੀ ਦੀ ਹਜ਼ੂਰੀ ਵਿਚ ਸੰਗਤ ਦੇ ਬੈਠਣ ਦੀ ਪ੍ਰਥਾ ਤੋਂ ਵੀ ਜਾਣੂੰ ਹੋਏ। ਉੋਪਰੰਤ ਸਾਰਿਆਂ ਨੇ ਲੰਗਰ ਛਕਿਆ ਅਤੇ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸਕੂਲ ਲਈ ਵਾਪਸੀ ਕੀਤੀ।
ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਸਰੀ ਵਿਚ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲਿਆਇਆ ਕਰਦੇ ਹਨ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਦੇ ਧਰਮ ਤੇ ਸੱਭਿਆਚਾਰ ਤੋਂ ਜਾਣੂੰ ਹੋਣ ਦੇ ਮੌਕੇ ਪ੍ਰਦਾਨ ਕਰਵਾਉਣ ਦਾ ਇਹ ਬਹੁਤ ਸ਼ਲਾਘਾਯੋਗ ਕਦਮ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com