ਸੇਵਾ ਸੰਭਾਲ ਗੁਰੂ ਦੇ ਨਾਲ
ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਦਾ ਸਲਾਨਾ ਇਜਲਾਸ ਅਤੇ ਸਰਬ ਸੰਮਤੀ ਨਾਲ ਨਵੀਂ ਕੇਮਟੀ ਬਣੀ
-ਸ੍ਰੀ ਪਰਮਜੀਤ ਮੈਹਮੀ ਪ੍ਰਧਾਨ ਤੇ ਸ. ਨਰਿੰਦਰ ਸਿੰਘ ਸਹੋਤਾ ਜਨਰਲ ਸਕੱਤਰ ਬਣੇ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 28 ਮਈ, 2023:- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਅੱਜ ਹਫਤਾਵਾਰੀ ਦੀਵਾਨ ਉਪਰੰਤ ‘ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਇਨਕਾਰਪੋਰੇਟਿਡ’ (ਸਥਾਪਨਾ 1993) ਦਾ ਸਲਾਨਾ ਇਜਲਾਸ ਹੋਇਆ। ਪਿਛਲੇ 2 ਸਾਲਾਂ ਤੋਂ ਚੱਲ ਰਹੀ ਕਮੇਟੀ ਦੇ ਪ੍ਰਧਾਨ ਸ. ਰਾਮ ਸਿੰਘ ਚੌਂਕੜੀਆ ਇਜਲਾਸ ਵਿਚ ਪਹੁੰਚੇ ਸਾਰੇ ਮੈਂਬਰਜ਼ ਅਤੇ ਸੰਗਤ ਨੂੰ ‘ਜੀ ਆਇਆ’ ਆਖਿਆ। ਇਸ ਉਪਰੰਤ ਵਿਛੜੇ ਭਾਈਚਾਰਕ ਮੈਂਬਰਾਂ ਦੇ ਲਈ 1 ਮਿੰਟ ਦਾ ਮੋਨ ਰੱਖਿਆ ਗਿਆ। ਥੋੜ੍ਹੀਆਂ ਹੋਰ ਵਿਚਾਰਾਂ ਹੋਈਆਂ ਅਤੇ ਫਿਰ ਜਨਰਲ ਸਕੱਤਰ ਸ. ਅਵਤਾਰ ਸਿੰਘ ਨੇ ਪਿਛਲੇ ਇਕ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ, ਜਿਸ ਉਤੇ ਹਾਜ਼ਿਰ ਮੈਂਬਰਾਂ ਨੇ ਤਸੱਲੀ ਪ੍ਰਗਟ ਕੀਤੀ। ਪ੍ਰਧਾਨ ਵੱਲੋਂ ਤਿਆਰ ਰਿਪੋਰਟ ਵੀ ਪੜ੍ਹ ਕੇ ਸੁਣਾਈ ਗਈ ਤੇ ਗੁਰੂ ਘਰ ਦੇ ਹੋਏ ਕੰਮਾਂ ਬਾਰੇੇ ਵਿਸਥਾਰ ਸਹਿਤ ਵੇਰਵਾ ਦਿੱਤਾ ਗਿਆ। ਖਜ਼ਾਨਚੀ ਚੱਲ ਰਹੇ ਸ੍ਰੀ ਹਰਭਜਨ ਢੰਡਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਪੁਰਾਣੀ ਕਮੇਟੀ ਨੂੰ ਖਾਰਜ ਕਰ ਦਿੱਤਾ ਗਿਆ ਤੇ ਨਵੀਂ ਕਮੇਟੀ ਦੀ ਚੋਣ ਪ੍ਰਕ੍ਰਿਆ ਸ਼ੁਰੂ ਹੋਈ।
ਨਵੀਂ ਕਮੇਟੀ: ਸਰਬ ਸੰਮਤੀ ਦੇ ਨਾਲ ਸ੍ਰੀ ਪਰਮਜੀਤ ਮੈਹਮੀ ਨੂੰ ਸਾਲ 2023-24 ਦੇ ਲਈ ਪ੍ਰਧਾਨ, ਉਪ ਪ੍ਰਧਾਨ ਸ੍ਰੀ ਜਰਨੈਲ ਸਿੰਘ, ਜਨਰਲ ਸਕੱਤਰ ਸ. ਨਰਿੰਦਰ ਸਿੰਘ ਸਹੋਤਾ, ਸਹਾਇਕ ਸਕੱਤਰ ਸ੍ਰੀ ਹੰਸ ਰਾਜ ਕਟਾਰੀਆ, ਖਜ਼ਾਨਚੀ ਸ੍ਰੀ ਸੁਰਿੰਦਰ ਕੁਮਾਰ ਸਿੱਧੂ, ਸਹਾਇਕ ਖਜ਼ਾਨਚੀ ਸ੍ਰੀ ਹਰਭਜਨ ਢੰਡਾ ਅਤੇ ਔਡੀਟਰ ਸ੍ਰੀ ਰਜਿੰਦਰ ਸਿੰਘ ਨੂੰ ਬਣਾਇਆ ਗਿਆ। ਗੁਰੂ ਕੇ ਲੰਗਰ ਵਾਸਤੇ ਬੀਬੀਆਂ ਦੀ ਪਹਿਲਾਂ ਵਾਲੀ ਕਮੇਟੀ ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ। ਨਵੇਂ ਬਣੇ ਪ੍ਰਧਾਨ ਸ੍ਰੀ ਪਰਮਜੀਤ ਮੈਹਮੀ ਹੋਰਾਂ ਨੇ ਸਾਬਕਾ ਕਮੇਟੀ, ਹਾਜ਼ਿਰ ਸਾਰੇ ਮੈਂਬਰਜ਼ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੇ ਸਹਿਯੋਗ ਨਾਲ ਸੇਵਾਵਾਂ ਜਾਰੀ ਰੱਖਣ ਦਾ ਵਾਅਦ ਕੀਤਾ।
ਗੁਰੂ ਘਰ ਦੀਆਂ ਸਰਗਰਮੀਆਂ ਦਰਸਾਉਂਦਾ ਮੈਗਜ਼ੀਨ ਜਾਰੀ ਕੀਤਾ: ਅੱਜ ਹਫਤਾਵਾਰੀ ਦੀਵਾਨ ਉਪਰੰਤ ਗੁਰਦੁਆਰਾ ਕਮੇਟੀ ਵੱਲੋਂ ਗੁਰ ਅਸਥਾਨ ਦਾ ਅੱਪਡੇਟ ਇਤਿਹਾਸ ਵਰਨਣ ਕਰਦਾ ਅਤੇ ਪੂਰੇ ਸਾਲ ਦੀਆਂ ਸਰਗਰਮੀਆਂ ਦਰਸਾਉਂਦਾ ਰੰਗਦਾਰ 20 ਸਫ਼ਿਆਂ ਦਾ ਮੈਗਜ਼ੀਨ ਵੀ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਕ ਵਾਰ ਅਜਿਹਾ ਮੈਗਜ਼ੀਨ ਜਾਰੀ ਕੀਤਾ ਗਿਆ ਸੀ। ਮੈਗਜ਼ੀਨ ਤਿਆਰ ਕਰਨ ਦੇ ਵਿਚ ਰਾਮ ਸਿੰਘ ਚੌਂਕੜੀਆਂ, ਅਵਤਾਰ ਸਿੰਘ, ਕਰਨੈਲ ਸਿੰਘ ਬੱਧਣ, ਹਰਭਜਨ ਢੰਡਾ ਦਾ ਕਾਫੀ ਯੋਗਦਾਨ ਰਿਹਾ।