ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕਤਲ
ਵਿਆਹ ਸਮਾਗਮ 'ਚੋਂ ਬਾਹਰ ਆਉਂਦੇ ਹੀ ਬ੍ਰਦਰਜ਼ ਗਰੁੱਪ ਦੇ ਗੁੰਡਿਆਂ ਨੇ ਚਲਾਈ ਗੋਲੀ, ਕਾਰ ਨੂੰ ਲਗਾਈ ਅੱਗ
ਦੀਪਕ ਗਰਗ
ਚਡੀਗੜ੍ਹ 29 ਮਈ 2023 : ਕੈਨੇਡਾ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਮਰਪ੍ਰੀਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਵਿੱਚ ਸੀ। ਰਾਤ ਨੂੰ ਡਿਨਰ ਅਤੇ ਡਾਂਸ ਤੋਂ ਬਾਅਦ ਜਿਵੇਂ ਹੀ ਫਰੇਜ਼ਰਵਿਊ ਹਾਲ ਤੋਂ ਬਾਹਰ ਆਇਆ ਤਾਂ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਕਾਰਕੁਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਵਾਪਰੀ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਨਾਲ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਹਮਲਾਵਰਾਂ ਨੇ ਉਸ ਵਾਹਨ ਨੂੰ ਵੀ ਅੱਗ ਲਗਾ ਦਿੱਤੀ ਜਿਸ ਵਿਚ ਉਹ ਸਬੂਤ ਨਸ਼ਟ ਕਰਨ ਆਇਆ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਇਸ ਤਰ੍ਹਾਂ ਸੁਣਾਈ ਦਿੱਤੀ ਜਿਵੇਂ ਮਸ਼ੀਨ ਗਨ ਤੋਂ ਗੋਲੀਬਾਰੀ ਕੀਤੀ ਗਈ ਹੋਵੇ।
ਅਮਪ੍ਰੀਤ ਸੰਯੁਕਤ ਰਾਸ਼ਟਰ ਦੇ ਟਾਪ-10 ਗੈਂਗਸਟਰਾਂ ਵਿੱਚ ਸ਼ਾਮਲ ਸੀ
ਅਮਰਪ੍ਰੀਤ ਸਿੰਘ ਸਮਰਾ ਉਰਫ ਚੱਕੀ ਸੰਯੁਕਤ ਰਾਸ਼ਟਰ (UN) ਦੀ ਟਾਪ-10 ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸ ਦੇ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਵਿਚਕਾਰ ਕਾਰੋਬਾਰ ਨੂੰ ਲੈ ਕੇ ਦੁਸ਼ਮਣੀ ਸੀ। ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਹਮਲਾਵਰ ਪਹਿਲਾਂ ਹੀ ਵਿਆਹ ਸਮਾਗਮ ਵਾਲੀ ਥਾਂ ’ਤੇ ਘੁੰਮ ਰਹੇ ਸਨ। ਇਸ ਕਤਲ ਨੂੰ ਟਾਰਗੇਟ ਕਿਲਿੰਗ ਮੰਨਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਕੈਨੇਡੀਅਨ ਪੁਲਿਸ ਅਧਿਕਾਰੀ ਤਾਨੀਆ ਵਿਸਟਿਨ ਨੇ ਦੱਸਿਆ ਕਿ ਪੁਲਿਸ ਹੈਲਪਲਾਈਨ 'ਤੇ 1.30 ਵਜੇ ਇੱਕ ਕਾਲ ਆਈ ਅਤੇ ਪੁਲਿਸ ਉਸੇ ਸਮੇਂ ਉੱਥੇ ਪਹੁੰਚ ਗਈ। ਪੁਲੀਸ ਅਧਿਕਾਰੀ ਨੇ ਸੀਪੀਆਰ ਦੇ ਕੇ ਅਮਰਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਨੰਬਰ ਜਾਰੀ ਕਰਕੇ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਹੈ।