ਇਮੀਗ੍ਰੇਸ਼ਨ ਸਖ਼ਤਾਈ: ਕੁਝ ਵਾਪਿਸ ਭੇਜੇ ਕੁਝ ਆਪੇ ਚਲੇ ਗਏ
ਸਵਾ 13 ਕੁ ਸਾਲਾਂ ਵਿਚ 2665 ਭਾਰਤੀ ਕੌਮੀਅਤ ਵਾਲਿਆਂ ਦਾ ਨਿਊਜ਼ੀਲੈਂਡ ਤੋਂ ਹੋ ਚੁੱਕਾ ਦੇਸ਼ ਨਿਕਾਲਾ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 29 ਮਈ, 2023:- ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਪ੍ਰਵਾਸ ਕਰ ਰਹੇ ਲੋਕਾਂ ਨੂੰ, ਅਪਰਾਧਿਕ ਮਾਮਲਿਆਂ ਦੇ ਅਧਾਰ ਉਤੇ ਹੋਏ ਫੈਸਲਿਆਂ ਦੇ ਨਤੀਜੇ ਵਜੋਂ ਜਾਂ ਫਿਰ ਮਿਆਦ ਪੁੱਗਾ ਚੁੱਕੇ ਵੀਜ਼ਾ ਧਾਰਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਦੇਸ਼ ਦੇ ਵਿਚੋਂ ਆਪਣੇ ਆਪ ਜਾਣ ਲਈ ਵੀ ਕਿਹਾ ਜਾਂਦਾ ਹੈ, ਅਪੀਲ ਕਰਨ ਦਾ ਵੀ ਸਮਾਂ ਹੁੰਦਾ ਹੈ। ਕਈ ਮਾਮਲਿਆਂ ਦੇ ਵਿਚ ਜਾਂ ਸਿੱਧੇ ਤੌਰ ਉਤੇ ਫੜ੍ਹ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ।
ਕਈ ਵਾਰੀ ਹਵਾਈ ਅੱਡੇ ਉਤੋਂ ਵੀ ਵਾਪਿਸ ਭੇਜ ਦਿੱਤਾ ਜਾਂਦਾ ਹੈ। ਪਿਛਲੇ ਦਿਨੀਂ ਵੀ ਇਕ ਅਜਿਹਾ ਮਾਮਲਾ ਆਇਆ ਸਾਹਮਣੇ ਆਇਆ। ਇਸ ਪੱਤਰਕਾਰ ਵੱਲੋਂ ਸਬੰਧਿਤ ਮੰਤਰਾਲੇ ਤੋਂ ਭਾਰਤੀ ਕੌਮੀਅਤ ਰੱਖਣ ਵਾਲਿਆਂ ਸਬੰਧੀ ਲਈ ਗਈ ਜਾਣਕਾਰੀ ਵਿਚ ਪਾਇਆ ਗਿਆ ਹੈ ਕਿ ਪਿਛਲੇ ਸਵਾ ਕੁ 13 ਸਾਲਾਂ (2010 ਤੋਂ ਚੱਲ ਰਹੇ ਸਾਲ 9 ਮਈ 2023 ਤੱਕ) ਦੇ ਵਿਚ 2665 ਭਾਰਤੀ ਕੌਮੀਅਤ ਵਾਲੇ ਲੋਕਾਂ ਨੂੰ ਵਾਪਿਸ ਭਾਰਤ ਪਰਤਣਾ ਪਿਆ ਹੈ। ਇਸ ਸਮੇਂ ਦੌਰਾਨ 1197 ਲੋਕਾਂ ਨੂੰ ਵਿਭਾਗ ਵੱਲੋਂ ਭੇਜਿਆ ਗਿਆ ਅਤੇ 1468 ਲੋਕ ਆਪਣੇ ਆਪ ਸਵੈਇੱਛਤ ਤੌਰ ਉਤੇ ਵਾਪਿਸ ਗਏ ਹਨ। 2010 ਅਤੇ 2011 ਦੇ ਵਿਚ ਕੋਈ ਵੀ ਭਾਰਤੀ ਸਵੈ-ਇਛਤ ਤੌਰ ’ਤੇ ਵਾਪਿਸ ਨਹੀਂ ਗਿਆ। 2017 ਦੇ ਵਿਚ ਸਭ ਤੋਂ ਜਿਆਦਾ 619 ਭਾਰਤੀ ਲੋਕ ਦੇਸ਼ ਨਿਕਾਲੇ ਤਹਿਤ ਭਾਰਤ ਵਾਪਿਸ ਪਰਤੇ ਹਨ। ਵਰਨਣਯੋਗ ਹੈ ਕਿ ਜਿਨ੍ਹਾਂ ਨੂੰ ਵਿਭਾਗ ਵੱਲੋਂ ਆਪਣੀ ਜ਼ਿੰਮੇਵਾਰੀ ’ਤੇ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ, ਉਸਦਾ ਖਰਚਾ ਸਰਕਾਰ ਉਤੇ ਪੈਂਦਾ ਹੈ ਅਤੇ ਜਿਨ੍ਹਾਂ ਨੂੰ ਦੇਸ਼ ਛੱਡ ਜਾਣ ਲਈ ਡਿਪੋਰਟੇਸ਼ਨ ਨੋਟਿਸ ਰਾਹੀਂ ਕਿਹਾ ਗਿਆ ਹੁੰਦਾ ਹੈ, ਉਹ ਖੁਦ ਦਾ ਖਰਚਾ ਕਰਕੇ ਆਪਣੇ ਆਪ ਜਾਂਦੇ ਹਨ। ਕਈ ਕੇਸਾਂ ਦੇ ਵਿਚ 5 ਸਾਲ ਤੱਕ ਦੁਬਾਰਾ ਆਉਣ ’ਤੇ ਰੋਕ ਲਗ ਜਾਂਦੀ ਹੈ, ਕਈ ਕੇਸਾਂ ਵਿਚ ਪੱਕੀ ਰੋਕ ਵੀ ਲਗਦੀ ਹੈ। ਇਮੀਗ੍ਰੇਸ਼ਨ ਦੇ ਨਾਲ ਸਹਿਯੋਗ ਕਰਨ ਅਤੇ ਕਹਿਣਾ ਮੰਨਣ ਉਤੇ ਕੇਸ ਅਨੁਸਾਰ ਇਸ ਰੋਕ ਤੋਂ ਬਚਿਆ ਵੀ ਜਾ ਸਕਦਾ ਹੈ।
ਕਿਹੜੇ ਸਾਲ ਕਿੰਨੇ ਭਾਰਤੀ ਇਸ ਦੇਸ਼ ਤੋਂ ਬਾਹਰ ਕੀਤੇ ਗਏ ਜਾਂ ਆਪ ਸਵੈਇਛਾ ਨਾਲ ਨਿਰਦੇਸ਼ ਮੰਨ ਕੇ ਚਲੇ ਗਏ?