ਕੈਲੇਫੋਰਨੀਆਂ ਦੇ ਸ਼ਹਿਰ ਲਿੰਡਸੇ ਦੇ “ਤੂਤਾਂ ਵਾਲਾ ਖੂਹ” ਵਿਖੇ ਲੱਗੀਆਂ ਤੀਆਂ
ਕੁਲਵੰਤ ਧਾਲੀਆਂ / ਨੀਟਾ ਮਾਛੀਕੇ
ਲਿੰਡਸੇ, ਕੈਲੇਫੋਰਨੀਆਂ, 19 ਸਤੰਬਰ 2023 : ਹਰ ਇਨਸਾਨ ਦੀ ਜ਼ਿੰਦਗੀ ਵਿੱਚ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਤਰੱਕੀਆਂ ਕਰਨ ਦਾ ਜਾਨੂੰਨ ਹੁੰਦਾ ਹੈ। ਇਸੇ ਜਨੂੰਨ ਦੇ ਚੱਲਦਿਆਂ ਉਹ ਦੂਜਿਆਂ ਨੂੰ ਦੇਖ ਤਰੱਕੀਆਂ ਤਾਂ ਬਹੁਤ ਕਰ ਲੈਦਾ ਹੈ। ਪਰ ਜਾਣੇ-ਅਨਜਾਣੇ ਆਪਣੇ ਆਪਣੇ ਸੱਭਿਆਚਾਰ ਵਿਰਸੇ ਤੋਂ ਬਹੁਤ ਦੂਰ ਹੋ ਜਾਂਦਾ ਹੈ। ਪਰ ਉਹ ਲੋਕ ਬਹੁਤ ਖੁਸ਼ਕਿਸਮਤ ਹੁੰਦੇ ਹਨ ਜੋ ਆਪਣੀ ਤਰੱਕੀ ਦੇ ਨਾਲ-ਨਾਲ ਆਪਣੇ ਵਿਰਸੇ ਨੂੰ ਲੈ ਕੇ ਚੱਲਦੇ ਹਨ। ਇਸੇ ਦੀ ਮਿਸਾਲ ਕੈਲੀਫੋਰਨੀਆਂ ਦੇ ਸ਼ਹਿਰ ਲਿੰਡਸੇ ਵਿੱਚ ਬਣਿਆ “ਤੂਤਾਂ ਵਾਲਾ ਖੂਹ” ਹੈ। ਜਿਸ ਨੂੰ ਅਰਵਿੰਦਰ ਸਿੰਘ ਲਾਖਨ ਅਤੇ ਪਰਿਵਾਰ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੰਜਾਬ ਦੇ ਵਿਰਾਸਤੀ ਰੰਗਾਂ ਵਿੱਚ ਰੰਗਿਆ ਹੈ। ਜਿਸ ਨੂੰ ਦੇਖ ਦੂਰ ਦੁਰਾਡੇ ਤੋਂ ਪਹੁੰਚ ਸਾਲਾਘਾ ਕਰਦੇ ਹਨ।
ਇਸੇ “ਤੂਤਾਂ ਵਾਲੇ ਖੂਹ” ‘ਤੇ ਅਰਵਿੰਦਰ ਸਿੰਘ ਲਾਖਨ ਵੱਲੋਂ ਕੁਲਵੀਰ ਸਿੰਘ ਹੇਅਰ ਅਤੇ ਹੋਰ ਦੋਸ਼ਤਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਅਤੇ ਪਰਿਵਾਰਕ ਮਿਲਣੀ ਕਰਵਾਈ ਗਈ। ਇਸ ਸਮੇਂ ਲੱਗੀਆਂ ਤੀਆਂ ਦਾ ਮਹੌਲ ਬਿਲਕੁਲ ਪੰਜਾਬ ਦੇ ਵਿਰਾਸਤੀ ਵਿਆਹ ਵਰਗਾ ਸੀ। ਜਿੱਥੇ ਡਹੇ ਮੰਜੇ, ਚਰਖਾ, ਮਧਾਣੀ, ਸੰਗੀਤਕ ਸਾਜ ਅਤੇ ਹੋਰ ਵਿਰਾਸਤੀ ਵਸਤਾਂ ਵਿਸਰ ਰਹੀਆਂ ਪੰਜਾਬ ਦੀਆਂ ਰਸਮਾਂ ਨੂੰ ਜੀਵਤ ਕਰ ਰਹੀਆਂ ਸਨ।
ਇਸ ਸਮੇਂ ਤੀਆਂ ਦੀ ਸੁਰੂਆਤ ਪੱਤਰਕਾਰ ਕੁਲਵੀਰ ਹੇਅਰ ਦੀ ਬੇਟੀ ਆਂਚਲ ਹੇਅਰ ਨੇ ਸਭ ਨੂੰ “ਜੀ ਆਇਆਂ ਕਹਿਣ” ਨਾਲ ਕੀਤੀ। ਇਸ ਉਪਰੰਤ ਕਈ ਘੰਟੇ ਚੱਲਿਆ ਲਾਈਵ ਬੋਲੀਆਂ ਪਾਉਦੇ ਹੋਏ ਗਿੱਧਾ। ਜਿਸ ਹਾਜ਼ਰ ਔਰਤਾਂ ਨੇ ਇੱਕ-ਦੂਜੇ ਨਾਲੋਂ ਵੱਧ ਚੜ ਕੇ ਬੋਲੀਆਂ ਪਾਈਆ। ਇੰਨ੍ਹਾਂ ਤੀਆਂ ਦਾ ਮਹੋਲ ਬਿਲਕੁਲ ਵਿਰਾਸਤੀ ਰੰਗ ਵਿੱਚ ਰੰਗਿਆ ਹੋਇਆ ਸੀ। ਜੋ ਅੱਜ ਵੀ ਪੰਜਾਬ ਦੇ ਅਮੀਰ ਵਿਰਸੇ ਦੀ ਵਿਦੇਸ਼ਾਂ ਵਿੱਚ ਝਲਕ ਪੇਸ਼ ਕਰ ਰਿਹਾ ਸੀ। ਇਸ ਪ੍ਰੋਗਰਾਮ ਦੌਰਾਨ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਹਰ ਕੋਈ ਆਪਣੇ ਆਪ ਨੂੰ ਪੰਜਾਬ ਵਿੱਚ ਬੈਠਾ ਮਹਿਸੂਸ ਕਰ ਰਿਹਾ ਸੀ।
ਔਰਤਾਂ ਦੁਆਰਾ ਲੱਗੀਆਂ ਤੀਆਂ ਦੀ ਸਮਾਪਤੀ ਉਪਰੰਤ ਹਾਜ਼ਰ ਆਦਮੀਆਂ ਵੱਲੋਂ ਵੀ ਇੱਕ ਸਾਨਦਾਰ ਮਹਿਫ਼ਲ ਦਾ ਆਗਾਜ਼ ਕੀਤਾ ਗਿਆ। ਜਿਸ ਜਿਸ ਦਿਲਦਾਰ ਮਿਊਜੀਕਲ ਗਰੁੱਪ ਕੇਲੈਫੋਰਨੀਆਂ ਦੇ ਗਾਇਕ ਰਾਣਾ ਗਿੱਲ, ਗੈਰੀ ਢੇਸੀ ਅਤੇ ਅਵਤਾਰ ਗਿੱਲ ਨੇ ਖੂਬ ਰੰਗ ਬੰਨੇ। ਜਦ ਕਿ ਉਸਤਾਦ ਲਾਲ ਚੰਦ ਯਮਲਾ ਦੇ ਸ਼ਾਗਿਰਦ ਰਾਜ ਬਰਾੜ ਨੇ ਵੀ ਨਵੇਂ ਗੀਤ ਗਾ ਸਰੋਤੇ ਕੀਲ ਰੱਖੇ। ਸਮੁੱਚੇ ਪ੍ਰੋਗਰਾਮ ਨੂੰ ਸੰਗੀਤ ਪੱਪੀ ਭਦੌੜ, ਅਮਰੀਕ ਸਿੰਘ ਅਤੇ ਜੌਗਿੰਦਰ ਜੋਗੀ ਨੇ ਦਿੱਤਾ। ਇਸ ਸਾਰੇ ਪ੍ਰੋਗਰਾਮ ਦੌਰਾਨ ਤੀਆਂ ਸਮੇਂ ਸਟੇਜ਼ ਸੰਚਾਲਨ ਆਂਚਲ ਕੌਰ ਹੇਅਰ ਨੇ ਬਹੁਤ ਖੂਬਸੂਰਤ ਗੀਤ ਅਤੇ ਬੋਲੀਆਂ ਪਾਉਦੇ ਹੋਏ ਕੀਤਾ। ਜਦ ਕਿ ਆਦਮੀਆਂ ਦੀ ਸੰਗੀਤਕ ਮਹਿਫਲ ਦਾ ਸਟੇਜ਼ ਸੰਚਾਲਨ ਕੁਲਵੰਤ ਧਾਲੀਆਂ ਨੇ ਬਾਖੂਬੀ ਕੀਤਾ। ਇਸ ਸਮੇਂ ਅਰਵਿੰਦਰ ਸਿੰਘ ਲਾਖਨ, ਕੁਲਵੀਰ ਹੇਅਰ ਅਤੇ ਹੋਰ ਬੁਲਾਰਿਆਂ ਨੇ ਬੋਲਦੇ ਹੋਏ ਸਭ ਨੂੰ ਵਧਾਈ ਦਿੱਤੀ। ਸਭ ਹਾਜ਼ਰੀਨ ਲਈ ਸੁਆਦਿਸਟ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਤੂਤਾਂ ਵਾਲੇ ਖੂਹ ਦਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆਂ।