ਵੋਟਰ: ਕਪਾਹ ਦੀ ਫੁੱਟੀ, ਜਿਥੇ ਰੱਖੀ ਉਥੇ ਲੁੱਟੀ
ਨਿਊਜ਼ੀਲੈਂਡ: ਨੈਸ਼ਨਲ ਤੇ ਲੇਬਰ ਪਾਰਟੀ ਆਖਿਆ, ‘‘ਜੇ ਜਿੱਤ ਗਏ ਤਾਂ ਪ੍ਰਵਾਸੀਆਂ ਦੇ ਮਾਪਿਆਂ ਲਈ ਹੋਣਗੇ ਲੰਮੇਰੇ ਵੀਜ਼ੇ’’
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 24 ਸਤੰਬਰ, 2023:-ਨਿਊਜ਼ੀਲੈਂਡ ਆਮ ਚੋਣਾਂ 14 ਅਕਤੂਬਰ ਨੂੰ ਆ ਰਹੀਆਂ ਹਨ। ਇਸ ਤੋਂ ਪਹਿਲਾਂ ਦੋ ਮੁੱਖ ਰਾਜਸੀ ਪਾਰਟੀਆਂ ਨੇ ਵੱਖ-ਵੱਖ ਖੇਤਰਾਂ ਦੇ ਲਈ ਆਪਣੀਆਂ ਨੀਤੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਹਨ। ਪ੍ਰਵਾਸੀ ਲੋਕਾਂ ਦੀ ਚਿਰੋਕਣੀ ਮੰਗ ਕੇ ਉਨ੍ਹਾਂ ਦੇ ਮਾਪੇ ਇਥੇ ਪੱਕੇ ਬੁਲਾਏ ਜਾਣ ਦਾ ਸੌਖਾ ਤਰੀਕਾ ਹੋਵੇ ਜਾਂ ਲੰਮੇਰੇ ਸਮੇਂ ਲਈ ਆਉਣ ਦਾ ਪ੍ਰਬੰਧ ਹੋਵੇ ਨੂੰ ਮੁੱਖ ਰੱਖ ਕੇ ਪਹਿਲਾਂ ਨੈਸ਼ਨਲ ਪਾਰਟੀ ਨੇ ਆਪਣੀ ਨੀਤੀ ਜਾਰੀ ਕੀਤੀ ਅਤੇ ਫਿਰ ਲੇਬਰ ਪਾਰਟੀ ਨੇ ਉਸ ਤੋਂ ਵਧ ਕੇ ਆਪਣੀ ਨੀਤੀ ਜਾਰੀ ਕੀਤੀ। ਇਹ ਨੀਤੀਆਂ ਤਾਂ ਹੀ ਪਾਰਟੀਆਂ ਲਾਗੂ ਕਰ ਸਕਦੀਆਂ ਹਨ ਜੇਕਰ ਉਹ ਸੱਤਾ ਵਿਚ ਆਉਣਗੇ ਜਾਂ ਲੇਬਰ ਦੁਬਾਰਾ ਸੱਤਾ ਵਿਚ ਆਵੇਗੀ। ਵੋਟਰਾਂ ਨੂੰ ਭਰਮਾਉਣ ਦਾ ਇਹ ਵਧੀਆ ਮੌਕਾ ਹੈ।
ਨੈਸ਼ਨਲ ਪਾਰਟੀ ਨੇ ਕਿਹਾ ਹੈ ਕਿ ਜੇਕਰ ਉਹ ਸੱਤਾ ਵਿਚ ਆ ਜਾਂਦੇ ਹਨ ਤਾਂ 5 ਸਾਲ ਲਈ ਮਾਪਿਆਂ ਨੂੰ ‘ਪੇਰੇਂਟ ਬੂਸਟ ਵੀਜ਼ਾ’ ਹੋਏਗਾ, ਜਿੰਨੀ ਵਾਰ ਮਰਜ਼ੀ ਆਉਣ ਅਤੇ ਇਹ ਖਤਮ ਹੋਣ ਉਤੇ 5 ਸਾਲ ਦਾ ਹੋਰ ਵੀਜ਼ਾ ਹੋਵੇਗਾ। ਮਾਪਿਆਂ ਨੂੰ ਸਿਹਤ ਇੰਸ਼ੋਰੈਂਸ ਲੈਣੀ ਹੋਵੇਗੀ ਅਤੇ ਸਰਕਾਰ ਕੋਈ ਵੀ ਲਾਭਕਾਰੀ ਭੱਤਾ ਜਾਂ ਸਹੂਲਤ ਦੇਣ ਦੇ ਸਮਰੱਥ ਨਹੀਂ ਹੋਵੇਗੀ।
ਲੇਬਰ ਪਾਰਟੀ ਨੇ ਕਿਹਾ ਹੈ ਕਿ ਉਹ ਮਾਪਿਆਂ ਲਈ ਸੁਪਰ ਵੀਜ਼ਾ ਜੋ ਕਿ 10 ਸਾਲ ਦਾ ਹੋਵੇਗਾ ਪਹਿਲੇ 100 ਦਿਨਾਂ ਦੇ ਵਿਚ ਲੈ ਕੇ ਆਵੇਗੀ ਜੇਕਰ ਉਹ ਦੁਬਾਰਾ ਸੱਤਾ ਵਿਚ ਆਉਂਦੇ ਹਨ ਤਾਂ। ਇਸ ਵੀਜ਼ੇ ਤਹਿਤ ਵੀ ਜਿੰਨੀ ਵਾਰ ਮਰਜ਼ੀ ਆਇਆ ਜਾ ਸਕੇਗਾ। ਇਸ ਤੋਂ ਇਲਾਵਾ 10 ਸਾਲਾਂ ਤੋਂ ਇਥੇ ਮਿਆਦ ਪੁੱਗੇ ਵੀਜ਼ੇ ਨਾਲ ਰਹਿ ਰਹੇ ਲੋਕਾਂ ਨੂੰ ਵੀ ਪੱਕਿਆਂ ਕੀਤਾ ਜਾਵੇਗਾ। ਲੇਬਰ ਨੇ ਕਿਹਾ ਹੈ ਕਿ “ਅਸੀਂ ਆਪਣੇ ਪਹਿਲੇ 100 ਦਿਨਾਂ ਵਿੱਚ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਚੰਗੀ ਤਰ੍ਹਾਂ ਸੈਟਲ ਓਵਰਸਟੇਅਰਾਂ ਲਈ ਇੱਕ ਵਾਰ ਨਿਯਮਤਕਰਨ ਪ੍ਰੋਗਰਾਮ ਪ੍ਰਦਾਨ ਕਰਨ ਲਈ ਕਾਨੂੰਨ ਪਾਸ ਕਰਾਂਗੇ।’’ ਇਸ ਅਧੀਨ 14 ਤੋਂ 20 ਹਜ਼ਾਰ ਲੋਕ ਆ ਸਕਦੇ ਹਨ।
ਆਮ ਚੋਣਾਂ ਤੋਂ ਪਹਿਲਾਂ ਪ੍ਰਵਾਸੀ ਵੋਟਰਾਂ ਦੇ ਲਈ ਅਜਿਹੇ ਐਲਾਨ ਕਰਨਾ ਭਰਮਾਉਣ ਵਾਂਗ ਜਾਪਦੇ ਹਨ ਜਦ ਕਿ ਸੱਤਾ ਦਾ ਸੁੱਖ ਮਾਣਦਿਆਂ ਇਨ੍ਹਾਂ ਗੱਲਾਂ ਦੀ ਪ੍ਰ੍ਹਵਾਹ ਨਹੀਂ ਕੀਤੀ ਗਈ। ਲਗਦਾ ਹੈ ਵੋਟਰ ਵੀ ਅੱਜਕੱਲ੍ਹ ਇੰਝ ਹੀ ਹਨ ਜਿਵੇਂ ‘ਕਪਾਹ ਦੀ ਫੁੱਟੀ ਜਿੱਥੇ ਰੱਖੀ ਉਥੇ ਲੁੱਟੀ।’