ਕੀਵੀ ਜਨਮ ਦਰ: ਹਮ 2 ਹਮਾਰੇ 1.56 ਰਹਿ ਗਏ
2023 ਦੇ ਵਿਚ 56,955 ਬੱਚੇ ਜਨਮੇ ਅਤੇ ਮੌਤਾਂ ਦੀ ਗਿਣਤੀ ਰਹੀ 37,884
-ਕੁਦਰਤੀ ਜਨ ਸੰਖਿਆ ਵਿਚ 1943 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਘੱਟ ਵਾਧਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਫਰਵਰੀ 2024:- ਨਿਊਜ਼ੀਲੈਂਡ ਦੀ ਜਨਸੰਖਿਆ ਵਿਚ ਜਿੱਥੇ ਪ੍ਰਵਾਸੀਆਂ ਦੀ ਆਮਦ ਦੇ ਨਾਲ ਵਾਧਾ ਹੁੰਦਾ ਹੈ ਉਥੇ ਕੁਦਰਤੀ ਤੌਰ ਉਤੇ ਜਨਮੇ ਬੱਚਿਆਂ ਦੀ ਗਿਣਤੀ ਰਾਹੀਂ ਵੀ ਕੁੱਲ ਸੰਖਿਆ ’ਚ ਵਾਧਾ ਹੁੰਦਾ ਹੈ। ਤਾਜ਼ਾ ਅੰਕੜੇ ਦਸਦੇ ਹਨ ਕਿ ਸਾਲ 2023 ਦੇ ਵਿਚ ਪਿਛਲੇ 80 ਸਾਲਾਂ ਦੇ ਅੰਕੜਿਆਂ ਮੁਤਾਬਿਕ ਸਭ ਤੋਂ ਘੱਟ ਵਾਧਾ ਹੋਇਆ। ਸਾਲ 2023 ਦੇ ਵਿਚ ਇਥੇ 56,955 ਬੱਚਿਆਂ ਨੇ ਜਨਮ ਲਿਆ ਅਤੇ ਮੌਤਾਂ ਦੀ ਗਿਣਤੀ 37,884 ਰਹੀ। ਇਸ ਤਰ੍ਹਾਂ ਇਹ ਸ਼ੁੱਧ ਵਾਧਾ 19,071 ਦਾ ਰਿਹਾ। ਬੱਚੇ ਪੈਦਾ ਕਰਨ ਦੇ ਯੋਗ ਔਰਤਾਂ ਦੀ 15 ਤੋਂ 49 ਸਾਲ ਦੀ ਉਮਰ ਦੀ ਗਿਣਤੀ ਦੀ ਦਰ ਮੁਤਾਬਿਕ ਪ੍ਰਤੀ ਔਰਤ 1.56 ਔਸਤਨ ਬੱਚਾ ਪ੍ਰਤੀ ਔਰਤ ਆਇਆ ਹੈ। ਲਗਦਾ ਹੈ ਕਿ ਲੋਕ ਹੁਣ ਹਮ ਦੋ-ਹਮਾਰੇ ਦੋ ਵਾਲੀ ਗੱਲ ਤੋਂ ਵੀ ਪਿੱਛੇ ਹਟਣ ਲੱਗੇ ਹਨ ਜਾਂ ਫਿਰ ਦੂਜੇ ਸਰੀਰਕ ਕਾਰਨ ਵੀ ਹੋ ਸਕਦੇ ਹਨ। ਪਿਛਲੇ 20 ਸਾਲਾਂ ਦੇ ਵਿਚ ਸਭ ਤੋਂ ਘੱਟ ਬੱਚੇ 2023 ਦੇ ਵਿਚ ਪੈਦਾ ਹੋਏ। ਇਸ ਤੋਂ ਪਹਿਲਾਂ ਸੰਨ 2003 ਦੇ ਵਿਚ 56,136 ਬੱਚੇ ਪੈਦਾ ਹੋਏ ਸਨ।
ਸੰਭਾਵਿਤ ਜੀਵਨ ਕਾਲ: 2021-2023 ਦੌਰਾਨ ਮੌਤ ਦਰ ਦੇ ਆਧਾਰ ’ਤੇ ਇੱਕ ਨਵਜੰਮੇ ਲੜਕੇ ਦੀ ਔਸਤਨ ਉਮਰ 80.3 ਸਾਲ ਅਤੇ ਇੱਕ ਨਵਜੰਮੀ ਕੁੜੀ ਦੀ ਉਮਰ 83.7 ਸਾਲ ਤੱਕ ਜੀਉਣ ਦੀ ਉਮੀਦ ਰੱਖੀ ਜਾ ਸਕਦੀ ਹੈ। ਇਹ ਜੀਵਨ ਸੰਭਾਵਨਾਵਾਂ 2017-2019 (80.0 ਸਾਲ ਅਤੇ 83.5 ਸਾਲ) ਨਾਲੋਂ ਥੋੜ੍ਹੀਆਂ ਵੱਧ ਹਨ, ਅਤੇ 2020-2022 (80.5 ਸਾਲ ਅਤੇ 84.0 ਸਾਲ) ਨਾਲੋਂ ਥੋੜ੍ਹੀਆਂ ਘੱਟ ਹਨ। 2022 ਵਿੱਚ ਮੌਤਾਂ ਦੀ ਰਿਕਾਰਡ ਸੰਖਿਆ ਅਤੇ ਕੋਵਿਡ -19 ਮਹਾਂਮਾਰੀ ਦੇ ਨਾਲ-ਨਾਲ ਆਬਾਦੀ ਦੇ ਵਾਧੇ ਅਤੇ ਬੁਢਾਪੇ ਨੇ ਜੀਵਨ ਦੀ ਸੰਭਾਵਨਾ ਵਿੱਚ ਵਾਧੇ ਨੂੰ ਹੇਠਾਂ ਖਿਸਕਾਇਆ ਹੈ।
ਸੰਭਾਵਿਤ ਨਿਊਜ਼ੀਲੈਂਡ ਜਨ ਸੰਖਿਆ: ਇਸ ਵੇਲੇ ਮਾਹਿਰਾਂ ਅਨੁਸਾਰ ਨਿਊਜ਼ੀਲੈਂਡ ਦੀ ਕੁੱਲ ਜਨਸੰਖਿਆ 5,305,600 ਦੇ ਕਰੀਬ (31 ਦਸੰਬਰ 2023) ਤੱਕ ਮੰਨੀ ਜਾ ਰਹੀ ਹੈ। ‘ਪਾਪੂਲੇਸ਼ਨ ਕਲਾਕ’ ਵੇਖੀਏ ਤਾਂ ਗਿਣਤੀ 5,322,662 ਤੋਂ ਉਪਰ ਜਾ ਰਹੀ ਹੈ। ਹਰ 9 ਮਿੰਟ ਅਤੇ 23 ਸੈਕਿੰਡ ਦੇ ਵਿਚ ਇਕ ਬੱਚਾ ਪੈਦਾ ਹੋ ਰਿਹਾ ਹੈ। 13 ਮਿੰਟ 40 ਸੈਕਿੰਡ ਦੇ ਵਿਚ ਇਕ ਮੌਤ ਦੀ ਗਿਣਤੀ ਧਿਆਨ ਵਿਚ ਆ ਰਹੀ ਹੈ। ਹੋ ਰਿਹਾ ਹੈ। ਜਨਗਣਨਾ ਦਾ ਨਤੀਜਾ 29 ਮਈ 2024 ਨੂੰ ਆਉਣ ਵਾਲਾ ਹੈ। ਇਸ ਵੇਲੇ ਅੰਦਾਜ਼ਨ 2,665,200 ਪੁਰਸ਼ ਅਤੇ 2,640,400 ਮਹਿਲਾਵਾਂ ਹਨ। ਨਿਊਜ਼ੀਲੈਂਡ ਦੀ ਜਨ ਸੰਖਿਆ ਵਿਚ 145,100 (2.8%) ਦਾ ਵਾਧਾ ਹੋਇਆ ਹੈ। ਕੁਦਰਤੀ ਤੌਰ ਉਤੇ 19,071 ਬੱਚੇ ਵਾਧੇ ਵਿਚ ਸ਼ਾਮਿਲ ਹਨ ਅਤ 126,000 ਪ੍ਰਵਾਸੀ ਸ਼ਾਮਿਲ ਹਨ।