ਪੀ ਏ ਯੂ ਵਿਖੇ ਵਿਸ਼ੇਸ਼ ਭਾਸ਼ਣ ਦੌਰਾਨ ਅਮਰੀਕੀ ਵਿਗਿਆਨੀ ਨੇ ਖਾਰੇਪਨ ਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ
ਲੁਧਿਆਣਾ, 19 ਫਰਵਰੀ 2024- ਪੀ ਏ ਯੂ ਵਿਖੇ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ (ਨਾਸ) ਦੇ ਲੁਧਿਆਣਾ ਚੈਪਟਰ ਨੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ। ਇਸਦਾ ਸਿਰਲੇਖ ਬਦਲਦੇ ਪੌਣਪਾਣੀ ਅਨੁਸਾਰ ਖਾਰੇਪਨ ਦਾ ਸਾਮ੍ਹਣਾ ਕਰਨ ਲਈ ਫਸਲਾਂ ਦੀ ਜੈਨੇਟਿਕ ਸ਼ੋਧ ਰੱਖਿਆ ਗਿਆ ਸੀ। ਇਸ ਸਮਾਗਮ ਦੇ ਮਹਿਮਾਨ ਬੁਲਾਰੇ ਡਾ: ਦਵਿੰਦਰ ਸੰਧੂ ਸਨ। ਡਾ ਸੰਧੂ ਯੂਐਸ ਸੇਲੀਨਿਟੀ ਲੈਬਾਰਟਰੀ, ਕੈਲੀਫੋਰਨੀਆ ਵਿਚ ਖੋਜ ਜੈਨੇਟਿਕਸਿਸਟ ਹਨ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕੀਤੀ।
ਮੁੱਖ ਮਹਿਮਾਨ ਡਾ. ਸਤਿਬੀਰ ਸਿੰਘ ਗੋਸਲ ਨੇ ਸੰਬੋਧਨ ਕਰਦਿਆਂ ਪੰਜਾਬ ਦੇ ਕਿੰਨੂ ਖੇਤਰਾਂ ਅਤੇ ਭਾਰਤ ਦੇ ਹੋਰ ਰਾਜਾਂ ਨੂੰ ਦਰਪੇਸ਼ ਖਾਰੇਪਨ ਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ। ਡਾ: ਗੋਸਲ ਨੇ ਪੰਜਾਬ ਵਿੱਚ ਪ੍ਰਭਾਵਿਤ ਖੇਤਰਾਂ ਲਈ ਖਾਰੇਪਨ ਦਾ ਸਾਮ੍ਹਣਾ ਕਰਨ ਦੇ ਸਮਰੱਥ ਫਸਲਾਂ ਦੀਆਂ ਕਿਸਮਾਂ ਨੂੰ ਵਿਕਸਤ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਯੂ.ਐੱਸ.ਡੀ.ਏ. ਸੇਲੀਨਿਟੀ ਲੈਬਾਰਟਰੀ ਦਰਮਿਆਨ ਸਹਿਯੋਗ ਸਥਾਪਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੋਜ ਸਹਿਯੋਗ ਕਿਸਾਨਾਂ ਅਤੇ ਹੋਰ ਭਾਗੀਦਾਰਾਂ ਲਈ ਜਟਿਲ ਸਮੱਸਿਆਵਾਂ ਦੇ ਫੌਰੀ ਹੱਲ ਪ੍ਰਦਾਨ ਕਰ ਸਕਦਾ ਹੈ।
ਭਾਸ਼ਣ ਦੌਰਾਨ ਡਾ: ਦਵਿੰਦਰ ਸੰਧੂ ਨੇ ਸੋਕੇ ਦੇ ਪ੍ਰਭਾਵ ਅਤੇ ਜਲਵਾਯੂ ਤਬਦੀਲੀ ਬਾਰੇ ਗੱਲ ਕੀਤੀ ਜਿਸ ਨਾਲ ਮਿੱਟੀ ਵਿੱਚ ਖਾਰੇਪਨ ਦੇ ਤੱਤ ਵਧਦੇ ਹਨ। ਉਨ੍ਹਾਂ ਨੇ ਇਸ ਮੁੱਦੇ ਦੀ ਗੰਭੀਰਤਾ ਨੂੰ ਉਜਾਗਰ ਕੀਤਾ ਅਤੇ ਪੌਦਿਆਂ, ਪਾਣੀ, ਮਿੱਟੀ ਅਤੇ ਜਲਵਾਯੂ ਵਿਗਿਆਨ ਦੇ ਮਾਹਿਰਾਂ ਵਲੋਂ ਸਾਰਥਕ ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਡਾ: ਸੰਧੂ ਨੇ ਨਵੀਨਤਮ ਡੀਐਨਏ ਅਤੇ ਆਰਐਨਏ ਰਣਨੀਤੀਆਂ ਦੀ ਵਰਤੋਂ ਕਰਦੇ ਹੋਏ ਖਾਰੇਪਨ ਦਾ ਸਾਮ੍ਹਣਾ ਕਰਨ ਵਾਲੀਆਂ ਫ਼ਸਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਲੈਕਚਰ ਤੋਂ ਬਾਅਦ, ਡਾ: ਸੰਧੂ ਅਤੇ ਪੀ ਏ ਯੂ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਨਿੱਠ ਕਿ ਚਰਚਾ ਹੋਈ। ਇਸ ਚਰਚਾ ਦਾ ਆਧਾਰ ਖਾਰੇਪਨ ਦੇ ਮੁੱਖ ਪਹਿਲੂਆਂ 'ਤੇ ਕੇਂਦਰਿਤ ਸੀ। ਨਾਸ ਲੁਧਿਆਣਾ ਚੈਪਟਰ ਦੇ ਖਜ਼ਾਨਚੀ ਡਾ. ਪਰਵੀਨ ਛੁਨੇਜਾ ਨੇ ਮਹਿਮਾਨ ਸਪੀਕਰ ਦਾ ਨਿੱਘਾ ਸੁਆਗਤ ਕੀਤਾ, ਜਦਕਿ ਲੁਧਿਆਣਾ ਚੈਪਟਰ ਦੇ ਕਨਵੀਨਰ ਡਾ ਅਜਮੇਰ ਸਿੰਘ ਢੱਟ ਨੇ ਸਭ ਦਾ ਧੰਨਵਾਦ ਕੀਤਾ। ਡਾ: ਅਜਮੇਰ ਸਿੰਘ ਢੱਟ ਦੀ ਨਿਗਰਾਨੀ ਵਿਚ ਨਾਸ ਦਾ ਲੁਧਿਆਣਾ ਚੈਪਟਰ ਖੇਤੀਬਾੜੀ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲਗਾਤਾਰ ਸਰਗਰਮ ਹੈ। ਇਸ ਵਿੱਚ ਵਿਚਾਰ ਚਰਚਾਵਾਂ, ਵਰਕਸ਼ਾਪਾਂ, ਵਿਸ਼ੇਸ਼ ਭਾਸ਼ਣ, ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਸ਼ਾਮਲ ਹੈ। ਇਸ ਸਮਾਗਮ ਵਿੱਚ ਨਾਸ ਦੇ ਫੈਲੋ, ਯੂਨੀਵਰਸਿਟੀ ਅਧਿਕਾਰੀ, ਵਿਗਿਆਨੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਹਾਜ਼ਰ ਰਹੇ। ਡਾ: ਗੌਰਵ ਕੁਮਾਰ ਤੱਗੜ ਅਤੇ ਡਾ: ਅਭਿਸ਼ੇਕ ਸ਼ਰਮਾ ਨੇ ਪ੍ਰੋਗਰਾਮ ਦਾ ਸਫਲਤਾਪੂਰਵਕ ਸੰਚਾਲਨ ਕੀਤਾ।