ਕੈਲੀਫੋਰਨੀਆਂ ਦੇ ਸ਼ਹਿਰ ਸੈਲਮਾ ਵਿਖੇ 30ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ
“ਜੈਕਾਰਿਆਂ ਦੀ ਗੂੰਜ ਨਾਲ ਹੋਈ ਸੁਰੂਆਤ”
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆਂ, 16 ਅਪ੍ਰੈਲ, 2024: ਕੈਲੀਫੋਰਨੀਆਂ ਵਿਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ "ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ" ਵਿਖੇ ਸੈਂਟਰਲ ਵੈਲੀ ਵਿਖੇ ਵਿਸਾਖੀ ਨੂੰ ਸਮਰਪਿਤ 30ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜੱਥਿਆ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਇਲਾਕੇ ਦੇ ਸੰਬੰਧਤ ਅਧਿਕਾਰੀਆਂ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਨੇ ਹਾਜ਼ਰੀ ਭਰੀ। ਸਵੇਰ ਸਮੇਂ ਗੁਰੂਘਰ ਵਿਖੇ ਕੀਰਤਨ ਅਤੇ ਗੁਰਮਤਿ ਵਿਚਾਰਾ ਆਦਿਕ ਤੋਂ ਇਲਾਵਾ ਇਲਾਕੇ ਅਧਿਕਾਰੀਆਂ ਅਤੇ ਗੁਰੂਘਰ ਮੁੱਖ ਪ੍ਰਬੰਧਕਾਂ ਨੇ ਵਿਚਾਰਾ ਦੀ ਸਾਂਝ ਪਾਈ।
ਨਗਰ ਕੀਰਤਨ ਦੀ ਸੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆਂ ਸਟੇਟ ਦੇ ਝੰਡੇ ਮਗਰ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਮਗਰ ਅਨੇਕਾ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇਂ ਅਮੈਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਦੌਰਾਨ ਜ਼ੈਕਾਰਿਆ ਦੀ ਗੂੰਜ ਵਿੱਚ ਨਗਰ ਕੀਰਤਨ ਦੀ ਗੁਰੂਘਰ ਤੋਂ ਰਵਾਨਗੀ ਹੋਈ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸ਼ਰੀ ਅਤੇ ਰੰਗ-ਬਰੰਗੀਆਂ ਪੱਗਾਂ ਅਤੇ ਚੁੰਨੀਆਂ ਦੁਆਰਾ ਆਮ ਦਿਸ ਰਹੀ ਸੀ। ਜਿਸ ਵਿੱਚ ਬੱਚਿਆ ਬਜੁਰਗਾਂ ਤੋਂ ਇਲਾਵਾ ਸਮੂੰਹ ਧਰਮਾ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਭਰਿਆ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੂਰੂ ਸਿਮਰਨ ਅਤੇ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਇਸੇ ਤਰ੍ਹਾਂ “ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ” ਨੇ ਪਹਿਲੀ ਵਾਰ ਆਪਣਾ ਫਲੌਟ ਵੀ ਸ਼ਾਮਲ ਕੀਤਾ ਸੀ, ਜਦ ਕਿ ਨਗਰ ਕੀਰਤਨ ਦੇ ਨਾਲ ਹੋਰ ਵੀ ਬਹੁਤ ਸਾਰੇ ਫਲੌਟ ਚੱਲ ਰਹੇ ਸਨ।
ਨਗਰ ਕੀਰਤਨ ਦੌਰਾਨ ਹਲਕਾ ਮੀਂਹ ਵੀ ਪੈ ਰਿਹਾ ਸੀ। ਪਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੋਣ ਕਰਕੇ ਨਗਰ ਕੀਰਤਨ ਵਿੱਚ ਭਾਰੀ ਇਕੱਤਰਤਾ ਜੁੜੀ ਹੋਈ ਸੀ। ਨਗਰ ਕੀਰਤਨ ਦੌਰਾਨ ਗੁਰੂਘਰ ਅੰਦਰ ਵੱਖ ਵੱਖ ਸੁਆਦਿਸ਼ਟ ਖਾਣਿਆਂ ਦੇ ਸਟਾਲ ਲੱਗੇ ਹੋਏ ਸਨ, ਜਿਹਨਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ। ਗੁਰੂਘਰ ਅੰਦਰ “ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ” ਅਤੇ ਹੋਰ ਅਨੇਕਾਂ ਬੂਥ ਲੱਗੇ ਹੋਏ ਸਨ। ਇਸ ਤੋਂ ਇਲਾਵਾ ਬਸਤਾ ਅਤੇ ਰਸਤਾ ਦੀਆਂ ਦੁਕਾਨਾ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਸਮੁੱਚੇ ਨਗਰ ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਭਾਰੀ ਇਕੱਠ ਨੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਹਾਜ਼ਰੀਆਂ ਭਰੀਆਂ। ਨਗਰ ਕੀਰਤਨ ਦੌਰਾਨ ਸਥਾਨਕ ਪੁਲਿਸ, ਸ਼ੈਰਫ ਡਿਪਾਰਟਮੈਂਟ ਅਤੇ ਪ੍ਰਾਈਵੇਟ ਸਕਿਉਰਟੀ ਦੁਆਰਾ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆਂ ਅਤੇ ਮਜ਼ਬੂਤ ਕੀਤੇ ਗਏ ਸਨ। ਇਸ ਨਗਰ ਕੀਰਤਨ ਦੀ ਸਫਲਤਾ ਲਈ ਗੁਰੂਘਰ ਦੇ ਪ੍ਰਬੰਧਕ, ਇਲਾਕੇ ਭਰ ਦੇ ਗੁਰੂਘਰ ਅਤੇ ਸੰਗਤਾਂ ਵਧਾਈ ਦੇ ਪਾਤਰ ਹਨ, ਜਿਹਨਾਂ ਸਭ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿਬੜਿਆ।