ਨਿਊਜ਼ੀਲੈਂਡ ਦੀ ਅਨੁਮਾਨਿਤ ਜਨਸੰਖਿਆ 53 ਲੱਖ 38 ਹਜ਼ਾਰ ਤੋਂ ਵੱਧ ਹੋਣ ਦੀ ਸੰਭਾਵਨਾ
- ਜਨਸੰਖਿਆ: ਆਪਣੇ ਮੁੱਠੀ ਭਰ... ਤੇ....
- 29 ਮਈ ਨੂੰ 2023 ਵਾਲੀ ਜਨਗਨਣਾ ਦੇ ਨਤੀਜੇ ਆਉਣੇ ਸ਼ੁਰੂ ਹੋਣਗੇ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 16 ਮਈ 2024:-ਨਿਊਜ਼ੀਲੈਂਡ ਦੇ ਵਿਚ ਹਰ ਪੰਜ ਸਾਲ ਬਾਅਦ ਜਨਗਨਣਾ ਕੀਤੀ ਜਾਂਦੀ ਹੈ। ਪਿਛਲੀ ਜਨਗਨਣਾ 2018 ਦੇ ਵਿਚ ਹੋਈ ਸੀ ਅਤੇ ਤਾਜ਼ਾ ਗਨਣਾ 2023 ਦੇ ਵਿਚ ਹੋ ਚੁੱਕੀ ਹੈ। ਇਸ ਦਰਮਿਆਨ ਅਨੁਮਾਨਿਤ ਜਨਸੰਖਿਆ ਦੀ ਗਿਣਤੀ-ਮਿਣਤੀ ਉਂਜ ਵੀ ਚਲਦੀ ਰਹਿੰਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਇਸ ਵੇਲੇ ਨਿਊਜ਼ੀਲੈਂਡ ਦੀ ਅਨੁਮਾਨਿਤ ਜਨ ਸੰਖਿਆ ਬੀਤੇ ਮਾਰਚ ਮਹੀਨੇ ਤੱਕ 53 ਲੱਖ 38 ਹਜ਼ਾਰ 900 ਤੋਂ ਉਪਰ ਹੋ ਚੁੱਕੀ ਹੈ। ਬਾਹਰੋਂ ਆਈ ਜਨਸੰਖਿਆ ਦਾ 111,100 ਨਾਲ ਵਾਧਾ ਹੋਇਆ ਹੈ ਜਦ ਕਿ ਨਿਊਜ਼ੀਲੈਂਡ ਦੇ ਵਿਚ ਜਨਮੇ ਬੱਚਿਆਂ ਅਤੇ ਮੌਤ ਹੋ ਚੁੱਕੇ ਲੋਕਾਂ ਦੇ ਅੰਤਰ ਅਨੁਸਾਰ 19,500 ਦਾ ਵਾਧਾ ਹੋਇਆ ਹੈ।
ਇਸ ਤਰ੍ਹਾਂ ਕੁੱਲ ਵਾਧਾ 130,700 ਦਾ ਬਣਦਾ ਹੈ ਜੋ ਕਿ 2.5% ਬਣਦਾ ਹੈ। 29 ਮਈ ਨੂੰ ਤਾਜ਼ਾ ਜਨਗਨਣਾ ਦੇ ਅੰਕੜੇ ਆਉਣੇ ਸ਼ੁਰੂ ਹੋ ਜਾਣੇ ਹਨ। ਅਨੁਮਾਨਿਤ ਅੰਕੜਿਆਂ ਅਨੁਸਾਰ ਇਥੇ ਜਨਮੇ ਲੋਕ ਮੁੱਠੀ ਭਰ ਹੀ ਜਨ ਸੰਖਿਆ ਦੇ ਵਿਚ ਵਾਧਾ ਕਰ ਰਹੇ ਹਨ ਜਦ ਕਿ ਪ੍ਰਵਾਸੀਆਂ ਦੀ ਆਮਦ ਦੇ ਨਾਲ ਇਥੇ ਰੌਣਕ ਲੱਗ ਰਹੀ ਹੈ ਅਤੇ ਦੇਸ਼ ਆਰਿਥਕ ਵਿਕਾਸ ਦੀ ਗਤੀ ਦੀ ਪਟੜੀ ਉਤੇ ਪੈਰ ਪੁੱਟ ਰਿਹਾ ਹੈ। ਬੇਰੁਜ਼ਗਾਰੀ ਦੀ ਦਰ ਇਸ ਵੇਲੇ 4.3% ਚੱਲ ਰਹੀ ਹੈ।
ਨਿਊਜ਼ੀਲੈਂਡ ਵਸਦੇ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ 2013 ਦੇ ਵਿਚ ਇਥੇ 19,191 ਲੋਕਾਂ ਨੇ ਆਪਣਾ ਧਰਮ ‘ਸਿੱਖ’ ਲਿਖਵਾਇਆ ਸੀ, ਫਿਰ 2028 ਦੇ ਵਿਚ ਇਹ ਗਿਣਤੀ 40,908 ਹੋ ਗਈ ਸੀ ਅਤੇ ਇਸ ਵਾਰ ਇਹ ਗਿਣਤੀ ਦੁੱਗਣੀ ਹੋਣ ਦੀ ਪੂਰੀ ਉਮੀਦ ਹੈ। ਆਰ-21 ਵੀਜ਼ਾ ਸ਼੍ਰੇਣੀ ਤਹਿਤ 55,000 ਭਾਰਤੀ ਲੋਕ ਪੱਕੇ ਹੋਏ ਸਨ ਜਿਨ੍ਹਾਂ ਵਿਚ ਬਹੁ ਗਿਣਤੀ ਸਿੱਖ ਪਰਿਵਾਰਾਂ ਦੀ ਹੋ ਸਕਦੀ ਹੈ।
34,227 ਲੋਕਾਂ ਨੇ ਪਿਛਲੀ ਵਾਰ ਆਪਣੀ ਭਾਸ਼ਾ ਪੰਜਾਬੀ ਲਿਖਵਾਇਆ ਸੀ। ਵਰਨਣਯੋਗ ਹੈ ਕਿ ਇਥੇ ਸਿੱਖਾਂ ਦੀ ਆਮਦ ਨੂੰ 134 ਸਾਲਾਂ ਦਾ ਸਮਾਂ ਹੋ ਚੁੱਕਾ ਹੈ। ਇਥੇ ਗੁਰਦੁਆਰਾ ਸਾਹਿਬਾਨਾਂ ਦੀ ਗਿਣਤੀ 30 ਤੋਂ 35 ਦੇ ਵਿਚਕਾਰ ਹੈ ਅਤੇ ਦੇਸ਼ ਦੇ ਹਰ ਵੱਡੇ ਸ਼ਹਿਰ ਨਗਰ ਦੇ ਵਿਚ ਸਿੱਖਾਂ ਦੀ ਆਮਦ ਹੋ ਚੁੱਕੀ ਹੈ। ਪਹਿਲਾ ਗੁਰਦੁਆਰਾ ਸਾਹਿਬ 1977 ਦੇ ਵਿਚ ਹਮਿਲਟਨ ਵਿਖੇ ਆਰੰਭ ਕੀਤਾ ਗਿਆ ਸੀ।