ਮਨੀਲਾ ਤੋਂ ਮੰਦਭਾਗੀ ਖ਼ਬਰ: ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਰੋਜ਼ੀ ਰੋਟੀ ਕਮਾਉਣ ਲਈ 6 ਸਾਲ ਪਹਿਲਾਂ ਗਿਆ ਦੀ ਵਿਦੇਸ਼, ਨਵੰਬਰ ਮਹੀਨੇ ਹੋਣਾ ਸੀ ਵਿਆਹ
ਬਲਵਿੰਦਰ ਧਾਲੀਵਾਲ
ਜਲੰਧਰ, 14 ਅਗਸਤ 2024- ਮਨੀਲਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ ਰੋਟੀ ਕਮਾਉਣ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕੀਮਤੀ ਲਾਲ (26) ਵਜੋਂ ਹੋਈ ਹੈ। ਉਹ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਵਿਚ ਵਿਧਾਨ ਸਭਾ ਹਲਕੇ ਦੇ ਕਸਬਾ ਲੋਹੀਆਂ ਖਾਸ ਮਨਿਆਲਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਨੌਜਵਾਨ 6 ਸਾਲ ਪਹਿਲਾ ਹੀ ਵਿਦੇਸ਼ ਗਿਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਸੰਬੰਧੀਆਂ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਕੀਮਤੀ ਲਾਲ ਚੰਗੇ ਭਵਿੱਖ ਦੀ ਭਾਲ ਵਿੱਚ ਮਨੀਲਾ ਗਿਆ ਸੀ। ਪਿਛਲੇ ਦਿਨੀ ਸੜਕ ਹਾਦਸਾ ਵਾਪਰਿਆ ਜਿਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਦੌਰਾਨ ਉਸਨੂੰ ਕਿਸੇ ਗੱਡੀ ਨੇ ਫੇਟ ਮਾਰ ਦਿੱਤੀ।
ਜ਼ਖਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਅੱਜ ਕੀਮਤੀ ਲਾਲ ਦੀ ਲਾਸ਼ ਜਦੋਂ ਉਸਦੇ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੀਮਤੀ ਲਾਲ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਨਵੰਬਰ ਮਹੀਨੇ ਵਿੱਚ ਉਸਦਾ ਵਿਆਹ ਰੱਖਿਆ ਹੋਇਆ ਸੀ। ਵਿਆਹ ਦੀਆਂ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ਦੇ ਵਿੱਚ ਵੈਣ ਪੈ ਗਏ।