ਵਾਲਮਾਰਟ ਸਟੋਰ ਵਿੱਚ ਜ਼ਖ਼ਮੀ ਹੋਈ ਔਰਤ ਨੂੰ ਦੇਵੇਗਾ 17 ਲੱਖ ਡਾਲਰ ਦਾ ਹਰਜਾਨਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 22 ਨਵੰਬਰ 2020 ਵਰਜੀਨੀਆਂ ਰਾਜ ਦੀ ਸੁਪਰੀਮ ਕੋਰਟ ਨੇ ਇਸ ਹਫ਼ਤੇ ਵਾਲਮਾਰਟ ਨੂੰ ਇੱਕ ਵੈਸਟ ਵਰਜੀਨੀਆ ਦੀ ਔਰਤ ਨੂੰ ਤਕਰੀਬਨ 17 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ ,ਜੋ ਕਿ ਸਟੋਰ ਕਰਮਚਾਰੀਆਂ ਦੁਆਰਾ ਇੱਕ ਚੋਰ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਜ਼ਖ਼ਮੀ ਹੋ ਗਈ ਸੀ।ਇਸ ਮਾਮਲੇ ਵਿੱਚ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਡਾਇਨਾ ਐਂਕਰੋਮ ਨਾਮ ਦੀ ਔਰਤ ਆਪਣੀ ਧੀ ਅਤੇ ਪੋਤੇ-ਪੋਤੀਆਂ ਨਾਲ ਸਾਲ 2015 ਵਿੱਚ ਸਾਊਥ ਪਾਰਕਰਸਬਰਗ ਦੇ ਇੱਕ ਵਾਲਮਾਰਟ ਵਿਖੇ ਖ਼ਰੀਦਦਾਰੀ ਕਰ ਰਹੀ ਸੀ ਉਦੋਂ ਸਟੋਰ ਵਿੱਚੋਂ ਸਮਾਨ ਚੁਰਾ ਕੇ ਲੈ ਜਾਣ ਵਾਲਾ ਇੱਕ ਆਦਮੀ ਉਸ ਦੀ ਸ਼ਾਪਿੰਗ ਕਾਰਟ ਨਾਲ ਟਕਰਾ ਗਿਆ, ਜਿਸ ਨਾਲ ਐਂਕਰੋਮ ਫ਼ਰਸ਼ 'ਤੇ ਆਪਣੀ ਪੋਤੀ ਸਮੇਤ ਡਿੱਗ ਪਈ ਸੀ। ਇਸ ਔਰਤ ਦੀ ਕਾਨੂੰਨੀ ਟੀਮ ਅਨੁਸਾਰ ਐਂਕਰੋਮ ਨੂੰ ਛੋਟੀ ਅੰਤੜੀ , ਨੈਕਰੋਸਿਸ ਆਦਿ ਨੁਕਸਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਲਾਜ ਲਈ ਉਸ ਨੇ 2,700,000 ਡਾਲਰ ਖ਼ਰਚ ਕੀਤੇ ਜਦਕਿ ਭਵਿੱਖ ਵਿੱਚ ਲੱਖਾਂ ਡਾਲਰ ਹੋਰ ਖ਼ਰਚ ਹੋਣ ਦੀ ਸੰਭਾਵਨਾ ਹੈ। ਐਂਕਰੋਮ ਦੇ ਵਕੀਲ ਅਨੁਸਾਰ ਵਾਲਮਾਰਟ ਨੇ ਦੁਕਾਨਦਾਰੀ ਨੂੰ ਸੰਭਾਲਣ ਬਾਰੇ ਆਪਣੀ ਨੀਤੀ ਦੀ ਉਲੰਘਣਾ ਕੀਤੀ ਹੈ ਜਿਸ ਦੀ ਵਜ੍ਹਾ ਕਰਕੇ ਐਂਕਰੋਮ ਨਾਲ ਸਟੋਰ ਵਿੱਚ ਇਹ ਹਾਦਸਾ ਹੋਇਆ ਕਿਉਂਕਿ ਹਾਦਸੇ ਵਿੱਚ ਦਸਤਾਵੇਜ਼ਾਂ ਅਨੁਸਾਰ ਇੱਕ ਵਿਅਕਤੀ ਨੇ ਸਟੋਰ ਵਿੱਚੋਂ ਦਸਤਾਨਿਆਂ ਦਾ ਇੱਕ ਜੋੜਾ ਚੋਰੀ ਕਰਨ ਤੋਂ ਬਾਅਦ ਕਰਮਚਾਰੀਆਂ ਨਾਲ ਹੱਥਾਪਾਈ ਕਰਕੇ ਫੜੇ ਜਾਣ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰਦਿਆਂ ਇਸ ਔਰਤ ਦੀ ਕਾਰਟ ਨਾਲ ਟਕਰਾ ਕੀਤਾ ਸੀ। ਇਸ ਕੇਸ ਸੰਬੰਧੀ 2019 ਵਿੱਚ, ਵੈਸਟ ਵਰਜੀਨੀਆ ਸਰਕਟ ਕੋਰਟ ਨੇ ਐਂਕਰੋਮ ਦੇ ਹੱਕ ਵਿੱਚ 16,922,000 ਡਾਲਰ ਦੇ ਹਰਜਾਨੇ ਦਾ ਫ਼ੈਸਲਾ ਕੀਤਾ ਜਿਸਦੇ ਵਿਰੁੱਧ ਵਾਲਮਾਰਟ ਨੇ ਅਪੀਲ ਕੀਤੀ ਸੀ ਪਰ ਰਾਜ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅਪੀਲ ਰੱਦ ਕਰਦਿਆਂ ਇਸ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਵਾਲਮਾਰਟ ਨੂੰ ਭੁਗਤਾਨ ਦੇ ਆਦੇਸ਼ ਦਿੱਤੇ ਹਨ।