ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਨਵੰਬਰ 2020 - ਅਮਰੀਕਾ ਵਿੱਚ ਗੋਲੀਬਾਰੀ ਦੀਆਂ ਹੁੰਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਗੋਲੀਬਾਰੀ ਦੀ ਇੱਕ ਤਾਜਾ ਘਟਨਾ ਦੇਸ਼ ਦੇ ਸੂਬੇ ਵਿਸਕਾਨਸਿਨ ਦੇ ਇੱਕ ਮਾਲ ਵਿੱਚ ਵਾਪਰੀ ਹੈ। ਪੁਲਿਸ ਅਨੁਸਾਰ ਇੱਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਵਾਵੋਤਸਾ ਦੇ ਮੇਅਫੇਅਰ ਮਾਲ 'ਚ ਬੇਰਹਿਮੀ ਨਾਲ ਫਾਇਰਿੰਗ ਕੀਤੀ ਜਿਸਦੇ ਨਤੀਜੇ ਵਜੋਂ ਇੱਕ ਬੱਚੇ ਸਮੇਤ ਅੱਠ ਵਿਅਕਤੀ ਜ਼ਖਮੀ ਹੋ ਗਏ ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਪੁਲਿਸ ਅਧਿਕਾਰੀ ਵੇਬਰ ਨੇ ਸ਼ੁੱਕਰਵਾਰ ਰਾਤ ਨੂੰ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਅਧਿਕਾਰੀਆਂ ਦੁਆਰਾ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਅਧਿਕਾਰੀਆਂ ਅਨੁਸਾਰ ਗੋਲੀਬਾਰੀ ਕਰਨ ਵਾਲਾ ਹਮਲਾਵਰ ਵਿਅਕਤੀ ਲਗਭਗ 30 ਸਾਲ ਜਾਂ ਇਸ ਤੋਂ ਉੱਪਰ ਦਾ ਮੰਨਿਆ ਜਾ ਰਿਹਾ ਹੈ, ਜਿਹੜਾ ਕਿ ਹਮਲੇ ਤੋਂ ਬਾਅਦ ਘਟਨਾ ਸਥਲ ਤੋਂ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿੱਚ ਅਧਿਕਾਰੀ ਇਸ ਅਣਪਛਾਤੇ ਹਮਲਾਵਰ ਦੀ ਪਛਾਣ ਨਿਰਧਾਰਿਤ ਕਰਨ ਲਈ ਜਾਂਚ ਕਰ ਰਹੇ ਹਨ।
ਇਸ ਮਾਲ ਦੇ ਇੱਕ ਬੁਲਾਰੇ ਜੂਲੀਅਨ ਓਲੀਵੋ ਨੇ ਮੇਅਫੇਅਰ ਮਾਲ ਵਿੱਚ ਵਾਪਰੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲ ਹੈ ,ਇਸ ਹਮਲੇ ਦੀ ਜਾਂਚ ਵਿੱਚ ਉਹ ਪੁਲਿਸ ਵਿਭਾਗ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।