ਰਾਜਸਥਾਨ, ਨਵੰਬਰ 22, 2020 - ਬ੍ਰਿਟੇਨ ਤੋਂ ਭਾਰਤ ਚੈਰਿਟੀ ਦਾ ਕੰਮ ਕਰਨ ਆਏ ਇੱਕ ਗੋਰੇ ਦਾ ਭਾਰਤੀ ਸਫਰ ਉਨ੍ਹਾਂ ਸੁਖਾਲਾ ਨਹੀਂ ਨਹੀਂ ਰਿਹਾ ਜਿਨ੍ਹਾਂ ਉਸ ਨੇ ਸੋਚਿਆ ਸੀ ਕਿਉਂਕਿ ਇਯਾਨ ਜੌਨਸ ਨਾਂਅ ਦੇ ਸਖਸ਼ ਨੂੰ ਜੈਪੁਰ ਤੋਂ 350 ਕਿਲੋਮੀਟਰ ਦੂਰ ਇੱਕ ਕਸਬੇ ਵਿੱਚ ਇੱਕ ਜ਼ਹਿਰੀਲੇ ਕੋਬਰਾ ਨੇ ਡੱਸ ਲਿਆ ਸੀ ਅਤੇ ਉਸ ਨੇ ਆਪਣਾ ਇਲਾਜ ਜੋਧਪੁਰ ਵਿੱਚ ਕਰਾਇਆ। ਹਲਾਂਕਿ ਇਸ ਤੋਂ ਪਹਿਲਾਂ ਜੌਨਸ ਨੂੰ ਮਲੇਰੀਆ ਅਤੇ ਡੇਂਗੂ ਵੀ ਹੋ ਗਿਆ ਸੀ ਅਤੇ ਫਿਰ ਕੋਰੋਨਾ ਵਾਇਰਸ ਨੇ ਵੀ ਘੇਰ ਲਿਆ ਸੀ।
ਹਲਾਂਕਿ ਹੁਣ ਜੌਨਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸੱਪ ਦੇ ਡੱਸਣ ਕਾਰਨ ਜੌਨਸ ਨੂੰ ਸਾਫ ਦਿਖਾਈ ਨਹੀਂ ਦਿੰਦਾ ਅਤੇ ਉਸ ਨੂੰ ਨਾਲ ਹੀ ਤੁਰਨ 'ਚ ਵੀ ਮੁਸ਼ਕਲ ਆ ਰਹੀ ਹੈ। ਹਲਾਂਕਿ ਡਾਕਟਰਾਂ ਵੱਲੋਂ ਜੌਨਸ ਨੂੰ ਹੁਣ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਇੱਕ ਵੈਬਸਾਈਟ 'ਤੇ ਉਨ੍ਹਾਂ ਦੇ ਬੇਟੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਪਿਤਾ ਫਾਇਟਰ ਹੈ। ਜੌਨਸ ਦੇ ਬੇਟੇ ਨੇ ਇਹ ਵੀ ਕਿਹਾ ਕਿ ਉਸ ਦੇ ਪਿਤਾ ਇਨ੍ਹੀਂ ਦਿਨੀਂ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿੱਚ ਫਸੇ ਹੋਏ ਹਨ ਅਤੇ ਉਸ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਹ ਭਾਰਤ ਵਿਚ ਰਹਿੰਦੇ ਹੋਏ ਦੂਜਿਆਂ ਦੀ ਮਦਦ ਕਰ ਰਹੇ ਹਨ।