ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਨਵੰਬਰ 2020 - ਸੰਯੁਕਤ ਰਾਜ ਨੇ ਕੋਰੋਨਾਂ ਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਰਿਕਾਰਡ ਵਾਧਾ ਦਰਜ਼ ਕੀਤਾ ਹੈ। ਦੇਸ਼ ਵਿੱਚ ਤੇਜੀ ਨਾਲ ਵਧ ਰਹੇ ਕੇਸਾਂ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 13 ਮਿਲੀਅਨ ਤੋਂ ਪਾਰ ਪਹੁੰਚਾ ਦਿੱਤੀ ਹੈ।
ਨਵੰਬਰ ਮਹੀਨੇ ਵਿੱਚ ਦੇਸ਼ ਭਰ ਵਿੱਚ ਕੋਰੋਨਾਂ ਵਾਇਰਸ ਦੇ 3.8 ਮਿਲੀਅਨ ਕੇਸ ਦਰਜ਼ ਕੀਤੇ ਗਏ ਹਨ ਜੋ ਕਿ ਇੱਕ ਰਿਕਾਰਡ ਵਾਧਾ ਹੈ।ਇੰਨਾ ਹੀ ਨਹੀਂ ਇਸ ਗਿਣਤੀ ਦੇ ਇਸ ਮਹੀਨੇ ਵਿੱਚ 4 ਮਿਲੀਅਨ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਦਕਿ ਪਿਛਲੇ ਅਕਤੂਬਰ ਮਹੀਨੇ ਦੇ 1.9 ਮਿਲੀਅਨ ਕੇਸਾਂ ਨਾਲੋਂ ਇਹ ਗਿਣਤੀ ਲੱਗਭਗ ਦੁੱਗਣੀ ਹੈ।ਇਸ ਤੋਂ ਇਲਾਵਾ ਸੰਯੁਕਤ ਰਾਜ ਵਿੱਚ 264,000 ਤੋਂ ਵੱਧ ਲੋਕ ਇਸ ਬਿਮਾਰੀ ਨਾਲ ਮਰ ਵੀ ਚੁੱਕੇ ਹਨ।
ਇਸ ਮਹੀਨੇ ਦੇ ਵਧੇ ਕੇਸਾਂ ਵਿੱਚ ਟੈਕਸਾਸ ਅਤੇ ਇਲੀਨੋਏ ਨੇ ਜਿਆਦਾ ਯੋਗਦਾਨ ਪਾਇਆ ਹੈ ,ਜਿਨ੍ਹਾਂ ਵਿਚੋਂ ਹਰੇਕ ਨੇ ਪਿਛਲੇ ਛੇ ਦਿਨਾਂ ਵਿੱਚ ਤਕਰੀਬਨ 80,000 ਤੱਕ ਦੇ ਨਵੇਂ ਕੇਸ ਦਰਜ਼ ਕੀਤੇ ਹਨ ਜਦਕਿ ਕਈ ਹੋਰ ਰਾਜਾਂ ਨੇ 10,000 ਤੋਂ ਵੱਧ ਕੇਸਾਂ ਦੀ ਗਿਣਤੀ ਕੀਤੀ ਹੈ। ਵਾਇਰਸ ਦੇ ਕੇਸਾਂ ਵਿੱਚ ਵਾਧੇ ਨੂੰ ਫੈਲਣ ਤੋਂ ਰੋਕਣ ਲਈ ਸੀ ਡੀ ਸੀ ਲੋਕਾਂ ਨੂੰ ਥੈਂਕਸਗਿਵਿੰਗ ਛੁੱਟੀ ਦੌਰਾਨ ਯਾਤਰਾ ਨਾਂ ਕਰਨ ਦੀ ਅਪੀਲ ਕੀਤੀ ਸੀ ਪਰ ਇਸ ਦੇ ਉਲਟ ਅਮਰੀਕੀ ਵਾਸੀਆਂ ਦੁਆਰਾ ਕੀਤੀ ਯਾਤਰਾ ਨੇ ਵੀ ਵਾਇਰਸ ਦੇ ਕੇਸਾਂ ਵਿੱਚ ਇਜਾਫਾ ਕੀਤਾ ਹੈ। ਇਸ ਸਮੇਂ ਇਹ ਮਹਾਂਮਾਰੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਕੁਝ ਪ੍ਰਾਂਤ ਇਸ ਪ੍ਰਸਾਰ ਨੂੰ ਰੋਕਣ ਲਈ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕਰ ਰਹੇ ਹਨ।