ਹਰਦਮ ਮਾਨ
ਸਰੀ, 29 ਨਵੰਬਰ 2020 - ਹਵਾਈ ਸਫ਼ਰ ਕਰਨ ਸੇਮਂ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਪਛਾਣ ਕਰਨ ਅਤੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੈਨਕੂਵਰ ਏਅਰਪੋਰਟ ਅਥਾਰਟੀ ਵੱਲੋਂ ਇਕ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਹੁਣ ਵੈਨਕੂਵਰ ਏਅਰਪੋਰਟ ਤੋਂ ਰਵਾਨਾ ਹੋਣ ਵਾਲੇ ਮੁਸਾਫ਼ਿਰਾਂ ਨੂੰ ਰੈਪਿਡ ਕੋਰੋਨਾ ਟੈਸਟ ਕਰਾਉਣਾ ਪਵੇਗਾ। ਇਸ ਟੈਸਟ ਨਾਲ ਇਹ ਪਤਾ ਲੱਗ ਸਕੇਗਾ ਕਿ ਕੋਈ ਮੁਸਾਫ਼ਿਰ ਕੋਰੋਨਾ ਪਾਜ਼ੀਟਿਵ ਹਨ ਜਾਂ ਨਹੀਂ। ਏਅਰਪੋਰਟ ਅਥਾਰਟੀ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਵੈਸਟਜੈੱਟ ਦੇ ਹੋਮ ਚੈਕ-ਇਨ ਖੇਤਰ ਵਿਚ ਇਸ ਦੀ ਪਰਖ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਟੋਰਾਂਟੋ ਅਤੇ ਕੈਲਗਰੀ ਏਅਰਪੋਰਟਾਂ ਉਪਰ ਘਰੇਲੂ ਉਡਾਣਾਂ ਲਈ ਕੋਰੋਨਾ ਰੈਪਿਡ ਟੈਸਟ ਕੀਤਾ ਜਾਂਦਾ ਹੈ ਪਰ ਇਹ ਟੈਸਟ ਮੁਸਾਫ਼ਿਰਾਂ ਦੇ ਜਹਾਜ਼ ਵਿਚੋਂ ਉਤਰਨ ਤੋਂ ਬਾਅਦ ਕੀਤਾ ਜਾਂਦਾ ਹੈ ਜਦੋਂ ਕਿ ਵੈਨਕੂਵਰ ਏਅਰਪੋਰਟ ਵੱਲੋਂ ਇਹ ਟੈਸਟ ਜਹਾਜ਼ ਚੜ੍ਹਣ ਤੋਂ ਪਹਿਲਾਂ ਕੀਤਾ ਜਾਵੇਗਾ।
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਖੋਜਕਾਰਾਂ ਅਤੇ ਸੂਬੇ ਦੇ ਸਿਹਤ ਸੰਭਾਲ ਸੈਂਟਰ ਵੱਲੋਂ ਕੀਤੇ ਅਧਿਐਨ ਅਨੁਸਾਰ ਜੇਕਰ ਮੁਸਾਫ਼ਿਰਾਂ ਦਾ ਟੈਸਟ ਜਹਾਜ਼ ਚੜ੍ਹਣ ਤੋਂ ਪਹਿਲਾਂ ਕੋਰੋਨਾ ਟੈਸਟ ਕੀਤਾ ਜਾਵੇ ਤਾਂ ਇਸ ਨਾਲ ਵਾਇਰਸ ਨੂੰ ਤੇਜ਼ੀ ਨਾਲ ਰੋਕਣ ਲਈ ਹੋਰ ਵੀ ਮਦਦ ਮਿਲ ਸਕਦੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜਿਨ੍ਹਾਂ ਮੁਸਾਫਿਰਾਂ ਦਾ ਟੈਸਟ ਪਾਜ਼ੀਟਿਵ ਆਵੇਗਾ, ਉਨ੍ਹਾਂ ਨੂੰ ਵੱਖਰੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਟਿਕਟ ਬਿਨਾਂ ਚਾਰਜ ਦੇ ਰੱਦ ਕਰ ਦਿੱਤੀ ਜਾਵੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com