ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 3 ਦਸੰਬਰ 2020 - ਫਰਿਜ਼ਨੋ ਪੁਲਿਸ ਦੇ ਅਨੁਸਾਰ ਮੰਗਲਵਾਰ ਦੀ ਰਾਤ ਟ੍ਰੇਨ ਨੇ ਇੱਕ ਪਰਿਵਾਰਕ ਵੈਨ ਨੂੰ ਕ੍ਰਿਸਮਸ ਟ੍ਰੀ ਲੇਨ ਨੇੜੇ ਟੱਕਰ ਮਾਰ ਕੇ ਚਕਨਾਚੂਰ ਕਰ ਦਿੱਤਾ ਅਤੇ ਇਸ ਹਾਦਸੇ ਵਿੱਚ ਇੱਕ ਛੋਟੇ ਬੱਚੇ ਦੀ ਮੌਤ ਹੋਣ ਦਾ ਵੀ ਸਮਾਚਾਰ ਹੈ। ਇਹ ਹਾਦਸਾ ਸ਼ਾਮ 5:30 ਵਜੇ ਦੇ ਕਰੀਬ ਮਾਰੋਆ ਅਤੇ ਸ਼ੀਲਡਜ਼ ਐਵੀਨਿਊ ਦੇ ਚੌਰਾਹੇ ਦੇ ਬਿਲਕੁਲ ਪੱਛਮ ਵਿੱਚ ਵਾਪਰਿਆ ,ਜਿੱਥੇ ਇੱਕ ਐਮਟ੍ਰੈਕ ਟ੍ਰੇਨ ਚਿੱਟੇ ਰੰਗ ਦੀ ਇੱਕ ਮਿਨੀਵੈਨ ਨਾਲ ਟਕਰਾ ਗਈ, ਜਿਸ ਵਿੱਚ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ।
ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਆਂਡਰੇ ਬੈਂਸਨ ਨੇ ਜਾਣਕਾਰੀ ਦਿੱਤੀ ਕਿ ਜਾਂਚਕਰਤਾ ਅਜੇ ਵੀ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਿੰਨੀਵੇਨ ਰੇਲ ਪਟਰੀਆਂ ਤੇ ਕਿਵੇਂ ਫਸ ਗਈ ਅਤੇ ਰੇਲਵੇ ਕ੍ਰਾਸਿੰਗ ਫਾਟਕ ਦੇ ਹੇਠਾਂ ਜਾਣ ਵੇਲੇ ਇਹ ਵਾਹਨ ਕਿੱਥੇ ਸੀ। ਇਸ ਹਾਦਸੇ ਦੌਰਾਨ ਮਰਨ ਵਾਲੇ ਬੱਚੇ ਦੀ ਉਮਰ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਬੈਂਸਨ ਨੇ ਕਿਹਾ ਕਿ ਹਾਦਸੇ ਹੋਣ ਦੇ ਕਈ ਗਵਾਹ ਹਨ ਅਤੇ ਅਧਿਕਾਰੀ ਬਿਆਨ ਇਕੱਠੇ ਕਰ ਰਹੇ ਹਨ।
ਇਸਦਾ ਇਲਾਵਾ ਰੇਲਗੱਡੀ ਦੀ ਟੱਕਰ ਕਾਰਨ ਮਿੰਨੀਵੇਨ ਵਿੱਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਅਤੇ ਪੂਰੇ ਪਰਿਵਾਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਦਕਿ ਐਮਟ੍ਰੈਕ ਰੇਲ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਹਾਦਸੇ ਸਮੇਂ ਰੇਲਗੱਡੀ ਦੇ ਅੰਦਰ 50 ਯਾਤਰੀ ਸਵਾਰ ਸਨ ਅਤੇ ਯਾਤਰੀਆਂ ਜਾਂ ਚਾਲਕ ਦਲ ਦੇ ਮੈਂਬਰਾਂ ਵਿੱਚੋਂ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।