ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਦਸੰਬਰ 2020 - ਇਸ ਸਮੇਂ ਕੋਰੋਨਾ ਵਾਇਰਸ ਦੇ ਇਲਾਜ ਲਈ ਇੱਕ ਟੀਕੇ ਦੀ ਆਸ ਬੱਝੀ ਹੋਈ ਹੈ ਜਦਕਿ ਕਈ ਟੀਕਾ ਬਨਾਉਣ ਵਾਲੀਆਂ ਕੰਪਨੀਆਂ ਇਸਦੀ ਪ੍ਰਭਾਵਸ਼ੀਲਤਾ ਦਾ ਦਾਅਵਾ ਵੀ ਕਰ ਰਹੀਆਂ ਹਨ। ਪਰ ਟੀਕੇ ਦੇ ਉਪਲੱਬਧ ਹੋਣ ਤੇ ਲੋਕਾਂ ਵਿੱਚ ਇਸ ਬਾਰੇ ਸ਼ੰਕਾ ਵੀ ਹੈ।
ਇਸ ਸੰਬੰਧੀ ਅਮਰੀਕਾ ਵਾਸੀਆਂ ਨੂੰ ਟੀਕੇ ਪ੍ਰਤੀ ਉਤਸ਼ਾਹਿਤ ਅਤੇ ਸੁਰੱਖਿਅਤ ਸਾਬਿਤ ਕਰਨ ਲਈ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਉਹ ਕੋਰੋਨਾਂ ਵਾਇਰਸ ਟੀਕੇ ਦੇ ਉਪਲੱਬਧ ਹੋਣ ਦੌਰਾਨ ਜਨਤਕ ਤੌਰ 'ਤੇ ਇੱਕ ਟੀਕਾ ਲਵਾਉਣਗੇ ਜਦਕਿ ਤਿੰਨ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਅਤੇ ਬਿੱਲ ਕਲਿੰਟਨ ਨੇ ਵੀ ਹਾਲ ਹੀ ਵਿੱਚ ਅਜਿਹਾ ਕਰਨ ਦਾ ਵਾਅਦਾ ਕੀਤਾ ਹੈ।
ਇਸਦੇ ਇਲਾਵਾ ਟੀਕੇ ਦੇ ਸੰਬੰਧ ਵਿੱਚ ਤਿੰਨੇ ਸਾਬਕਾ ਰਾਸ਼ਟਰਪਤੀਆਂ ਨੇ ਇਸ ਹਫ਼ਤੇ ਕਿਹਾ ਕਿ ਉਹ ਇਲਾਜ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਿਤ ਕਰਨ ਲਈ ਕੋਰੋਨਾਂ ਵਾਇਰਸ ਟੀਕਾ ਲਗਵਾਉਣ ਲਈ ਤਿਆਰ ਹਨ ਅਤੇ ਉਹ ਟੀਕੇ ਲੱਗਣ ਦੇ ਸਮੇਂ ਨੂੰ ਵੀਡੀਓ ਵਿੱਚ ਵੀ ਕੈਦ ਕਰ ਸਕਦੇ ਹਨ।ਬਾਈਡੇਨ ਅਨੁਸਾਰ ਲੋਕਾਂ ਲਈ ਇਹ ਗੱਲ ਮਾਇਨੇ ਰੱਖਦੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਜਨਤਾ ਲਈ ਕੀ ਕਰ ਰਿਹਾ ਹੈ, ਇਸ ਲਈ ਉਹ ਟੀਕਾ ਲਗਵਾਉਣ ਤੋਂ ਹਿਚਕਿਚਾਉਣਗੇ ਨਹੀਂ ਕਿਉਂਕਿ ਡਾਕਟਰ ਐਂਥਨੀ ਫੌਕੀ ਵਰਗੇ ਮਾਹਰ ਟੀਕੇ ਨੂੰ ਸੁਰੱਖਿਅਤ ਦੱਸ ਰਹੇ ਹਨ ਅਤੇ ਇਹ ਫੈਡਰਲ ਸਰਕਾਰ ਦੁਆਰਾ ਵੀ ਨਿਯੰਤਰਿਤ ਅਤੇ ਸੁਰੱਖਿਅਤ ਹੋਣਗੇ।