ਵਿਦਿਆਰਥੀ ਸੰਘਰਸ਼ ਦੀ ਜਿੱਤ- ਬਿਨਾਂ ਜੁਰਮਾਨਾ ਭਰੇ ਜਾਣਗੇ ਪ੍ਰੀਖਿਆ ਫਾਰਮ
ਅਸ਼ੋਕ ਵਰਮਾ
ਬਠਿੰਡਾ,17ਅਪਰੈਲ2024: ਅੱਜ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੀਖਿਆ ਕੰਟਰੋਲਰ ਨੂੰ ਵਿਦਿਆਰਥੀਆਂ ਦਾ ਵਫ਼ਦ ਮਿਲਿਆ। ਯੂਨੀਵਰਸਿਟੀ ਕਾਲਜ ਘੁੱਦਾ ਦੇ 340 ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਨਹੀਂ ਭਰੇ ਗਏ ਸਨ ਜਿਨ੍ਹਾਂ ਤੋਂ 20ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਜਾਣ ਸੀ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਪੜਤਾਲ ਉਪਰੰਤ ਪਤਾ ਲੱਗਾ ਕਿ ਇਸ ਨੂੰ ਭਰਨ ਦੀ ਜ਼ਿਮੇਵਾਰੀ ਕਾਲਜ ਪ੍ਰਸ਼ਾਸਨ ਦੀ ਸੀ। ਬਿਨਾਂ ਇਸ ਕਾਲਜ ਦੇ ਹੋਰਨਾਂ ਕੰਸਟੀਚੂਐਂਟ ਕਾਲਜ਼ਾਂ ਵਿੱਚ ਇਹ ਮਾਮਲਾ ਨਹੀਂ ਹੈ। ਪ੍ਰੀਖਿਆ ਕੰਟਰੋਲਰ ਨੇ ਵਿਸ਼ਵਾਸ ਦਿਵਾਇਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਸਮੇਂ ਸਿਰ ਆਪਣੀ ਕਾਲਜ ਫੀਸ ਜਮ੍ਹਾਂ ਕਰਵਾ ਦਿੱਤੀ ਸੀ ਉਨ੍ਹਾਂ ਤੋਂ ਕੋਈ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ ਅਤੇ ਰੋਲ ਨੰਬਰ ਵੀ ਜਾਰੀ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਇਸ ਸਭ ਦੌਰਾਨ ਕਾਲਜ ਪ੍ਰਸ਼ਾਸਨ ਦਾ ਰਵੱਈਆ ਵਿਦਿਆਰਥੀ ਵਿਰੋਧੀ ਰਿਹਾ ਅਤੇ ਹਰ ਪੱਖ ਤੋਂ ਵਿਦਿਆਰਥੀਆਂ ਨੂੰ ਇਸ ਦਾ ਦੋਸ਼ੀ ਬਣਾਉਣ ਵਾਲਾ ਰਿਹਾ । ਜਥੇਬੰਦੀ ਦੇ ਨਾਮ ਹੇਠ ਮੰਗ ਪੱਤਰ ਫ਼ੜਨ ਤੋਂ ਵੀ ਕਾਲਜ ਪ੍ਰਸ਼ਾਸਨ ਨੇ ਇਨਕਾਰ ਕੀਤਾ। ਕਾਲਜ ਸਿਕਿਓਰਟੀ ਗਾਰਡਾਂ ਵੱਲੋਂ ਵਿਦਿਆਰਥੀਆਂ ਨਾਲ 9 ਅਪ੍ਰੈਲ ਨੂੰ ਕੀਤੇ ਪ੍ਰਦਰਸ਼ਨ ਮੌਕੇ ਧੱਕਾ ਮੁੱਕੀ ਵੀ ਕੀਤੀ ਗਈ। ਇਸ ਮੌਕੇ ਸੂਬਾ ਕਮੇਟੀ ਸਕੱਤਰ ਹੁਸ਼ਿਆਰ ਸਿੰਘ ਕਾਲਜ ਘੁੱਦਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ,ਗੁਰਦਾਤ ਸਿੰਘ,ਅਕਾਸ਼ਦੀਪ ਸਿੰਘ ,ਨਵਜੋਤ ਸਿੰਘ ਤੇ ਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਏਕੇ ਅਤੇ ਜਥੇਬੰਦਕ ਤਾਕਤ ਦੇ ਜ਼ੋਰ ਤੇ ਵਿਦਿਆਰਥੀਆਂ ਨੇ ਇਸ ਮਸਲੇ ਨੂੰ ਹੱਲ ਕਰਵਾਇਆ ਹੈ। ਆਗੂਆਂ ਨੇ ਮਸਲੇ ਹੱਲ ਕਰਵਾਉਣ ਲਈ ਸੰਘਰਸ਼ ਵਾਸਤੇ ਤਿਆਰ ਰਹਿਣ ਦਾ ਸੱਦਾ ਦਿੱਤਾ।