ਰਜਨੀਸ਼ ਸਰੀਨ
- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਨਿਵੇਕਲੀ ਪਹਿਲਕਦਮੀ
ਨਵਾਂਸ਼ਹਿਰ, 10 ਜਨਵਰੀ 2020 - ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨਿਵੇਕਲੀ ਪਹਿਲਕਦਮੀ ਕਰਦਿਆਂ ਰਾਜ ਦੀਆਂ ਤੇਜ਼ਾਬੀ ਹਮਲੇ ਦੀਆਂ ਪੀੜਤ ਮਹਿਲਾਵਾਂ ਲਈ 11 ਜਨਵਰੀ ਨੂੰ ਜ਼ੀਰਕਪੁਰ ਵਿਖੇ ‘ਛਪਾਕ’ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਸੰਤੋਸ਼ ਵਿਰਦੀ ਨੇ ਦੱਸਿਆ ਕਿ ਇਹ ਸ਼ੋਅ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਦੀ ਵਿਸ਼ੇਸ਼ ਪਹਿਲ ਕਦਮੀ ’ਤੇ ਡਾਇਰੈਕਟਰ ਗੁਰਪ੍ਰੀਤ ਕੌਰ ਸਪੜਾ ਦੀ ਅਗਵਾਈ ਵਿੱਚ 11 ਜਨਵਰੀ ਨੂੰ ਸਵੇਰੇ 11:30 ਵਜੇ ਢਿੱਲੋਂ ਪਲਾਜਾ, ਜ਼ੀਰਕਪੁਰ ਵਿਖੇ ਦਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਲਈ ਰਾਜ ਵਿੱਚ ਵਿਭਾਗ ਪਾਸੋਂ ਪੈਨਸ਼ਨ ਲੈ ਰਹੀਆਂ ਤੇਜ਼ਾਬੀ ਹਮਲਾ ਪੀੜਤ ਮਹਿਲਾਵਾਂ ਨੂੰ ਲਿਜਾਇਆ ਜਾਵੇਗਾ। ਜਿਸ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ ਵੀ ਦੋ ਮਹਿਲਾਵਾਂ ਇਸ ਸ਼ੋਅ ਨੂੰ ਦੇਖਣ ਲਈ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤੇਜ਼ਾਬੀ ਹਮਲੇ ਦੀਆਂ ਪੀੜਤ ਮਹਿਲਾਵਾਂ ਲਈ ਛਪਾਕ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਦਾ ਮੰਤਵ ਇਨ੍ਹਾਂ ਮਹਿਲਾਵਾਂ ਨੂੰ ਮਹਿਲਾ ਸਸ਼ਕਤੀਕਰਣ ਤਹਿਤ ਅੱਗੇ ਵਧਣ ਦੀ ਪ੍ਰੇਰਨਾ ਦੇਣਾ ਹੈ ਤਾਂ ਜੋ ਉਹ ਜਿੱਥੇ ਖੁਦ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰ ਸਕਣ ਉੱਥੇ ਮਹਿਲਾਵਾਂ ਨੂੰ ਜਨਤਕ ਤੌਰ ’ਤੇ ਸੁਰੱਖਿਆ ਪ੍ਰਤੀ ਵੀ ਜਾਗਰੂਕ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਤੇਜ਼ਾਬੀ ਹਮਲੇ ਦੀਆਂ ਪੀੜਤ ਮਹਿਲਾਵਾਂ ਲਈ 8000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।