ਮਿੱਤਰ ਸੈਨ ਸ਼ਰਮਾ
ਮਾਨਸਾ, 6 ਫਰਵਰੀ 2010 - ਬੀਤੀ 1 ਫਰਵਰੀ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਗਾਉਣ ਨੂੰ ਲੈ ਕੇ ਥਾਣਾ ਸਦਰ ਮਾਨਸਾ ਵਿਖੇ ਦਰਜ ਮਾਮਲੇ 'ਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਜ਼ਿਲ੍ਹਾ ਮਾਨਸਾ ਦੀ ਇੱਕ ਅਦਾਲਤ ਵੱਲੋਂ ਅਗਾਊ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਲੰਘੀ 1 ਫਰਵਰੀ ਨੂੰ ਡੀ.ਜੀ.ਪੰਜਾਬ, ਚੰਡੀਗੜ੍ਹ ਅਤੇ ਐੱਸ.ਐੱਸ.ਪੀ ਮਾਨਸਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਐਡਕੋਵੇਟ ਐੱਚ.ਸੀ. ਅਰੋੜਾ ਵੱਲੋਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫਤਹਿਬਾਦ ਤੋਂ ਇਲਾਵਾ 5–7 ਨਾ–ਮਾਲੂਮ ਵਿਅਕਤੀਆਂ ਖਿਲਾਫ਼ ਹਥਿਆਰਾਂ ਨੂੰ ਪ੍ਰਮੋਟ ਕਰਨ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ (ਪੱਖੀਆਂ–ਪੱਖੀਆਂ –ਪੱਖੀਆਂ ਗੰਨ ਵਿਚ ਪੰਜ ਗੋਲੀਆਂ, ਨੀਂ ਤੇਰੇ ਪੰਜ ਭਰਾਵਾਂ ਲਈ ਰੱਖੀਆਂ, ਤਿੱਖਾ ਹੈ ਗੰਡਾਸਾ ਜੱਟ ਦਾ-ਵੇਖੀ ਜਾਊਗਾ ਚੀਰਦਾ ਵੱਖੀਆਂ ਨੀ) ਗਾ ਕੇ ਉਸ ਨੂੰ ਇੰਟਰਨੈੱਟ 'ਤੇ ਲੋਡ੍ਹ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਐੱਸ.ਐੱਸ.ਪੀ ਮਾਨਸਾ ਵੱਲੋਂ ਜਾਂਚ ਕਰਵਾਉਣ ਉਪਰੰਤ ਉਨ੍ਹਾਂ ਵੱਲੋਂ ਜਾਰੀ ਹੁਕਮਾਂ 'ਤੇ ਥਾਣਾ ਸਦਰ ਮਾਨਸਾ ਦੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਾਸੀ ਫਤਹਿਬਾਦ ਤੋਂ ਇਲਾਵਾ 5–7 ਨਾ–ਮਾਲੂਮ ਵਿਅਕਤੀਆਂ ਦੇ ਖਿਲਾਫ਼ ਧਾਰਾ 294,504,149 ਦੇ ਤਹਿਤ ਮਾਮਲਾ ਨੰ: 35 ਦਰਜ ਕੀਤਾ ਗਿਆ ਸੀ। ਇਸ ਸਬੰਧੀ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਵੱਲੋਂ ਜ਼ਿਲ੍ਹਾ ਮਾਨਸਾ ਦੀ ਇੱਕ ਅਦਾਲਤ 'ਚ ਅਗਾਊ ਜ਼ਮਾਨਤ ਲਗਾਈ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਸ਼੍ਰੀ ਰਾਜੀਵ ਕੇ. ਬੇਰੀ ਦੀ ਅਦਾਲਤ ਵੱਲੋਂ ਸਿੱਧੂ ਮੂਸੇਵਾਲਾ ਨੂੰ ਅਗਾਊ ਜ਼ਮਾਨਤ ਦੇ ਦਿੱਤੀ ਗਈ ਹੈ।