ਅੰਮ੍ਰਿਤਸਰ: ਫੋਕੀ ਟੌਹਰ ਨੇ ਜੇਲ੍ਹ ਪਹੁੰਚਾਈ ਨਕਲੀ ਲੇਡੀ ਇੰਸਪੈਕਟਰ
ਕਾਰ ਦੇ ਐਕਸੀਡੈਂਟ ਹੋਣ ਦੇ ਦੌਰਾਨ ਪੁਲਿਸ ਨੂੰ ਖੁਦ ਮਹਿਲਾ ਇੰਸਪੈਕਟਰ ਦੱਸ ਕੇ ਮਾਰ ਰਹੀ ਸੀ ਦੱਬਕੇ- ਏਡੀਸੀਪੀ ਵਿਰਕ
ਮੈ ਡੀਪਰੈਸ਼ਨ ਚ ਹੋਣ ਕਰਕੇ ਕਰ ਬੈਠੀ ਹਾਂ ਵੱਡੀ ਗਲਤੀ- ਨਕਲੀ ਪੁਲਿਸ ਇੰਸਪੈਕਟਰ ਮਹਿਲਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 18 ਮਾਰਚ 2024- ਅੰਮ੍ਰਿਤਸਰ ਵਿੱਚ ਇੱਕ ਵੱਖਰਾ ਹੀ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਕਿ ਨਕਲੀ ਲੇਡੀ ਇੰਸਪੈਕਟਰ ਪੁਲਿਸ ਵੱਲੋਂ ਕਾਬੂ ਕੀਤੀ ਗਈ। ਇਸ ਸਬੰਧੀ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨਜ਼ਦੀਕ ਰਣਜੀਤ ਕੌਰ ਨਾਮਕ ਔਰਤ ਦੀ ਕਾਰ ਦਾ ਐਕਸੀਡੈਂਟ ਹੋਇਆ ਤਾਂ ਇਸ ਦੌਰਾਨ ਰਣਜੀਤ ਕੌਰ ਨਾਮਕ ਔਰਤ ਵੱਲੋਂ ਪੁਲਿਸ ਨੂੰ ਫੋਨ ਕਰਕੇ ਇਹ ਗੱਲ ਕਹੀ ਗਈ ਕਿ ਉਹ ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ ਲੇਡੀ ਇੰਸਪੈਕਟਰ ਤੈਨਾਤ ਹੈ ਅਤੇ ਉਸਦੀ ਕਾਰ ਦਾ ਐਕਸੀਡੈਂਟ ਹੋਇਆ ਹੈ।
ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਕਤ ਮਹਿਲਾ ਪੁਲਿਸ ਨੂੰ ਵੀ ਦਬਕੇ ਮਾਰਨ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਮਹਿਲਾ ਕਿਸੇ ਵੀ ਥਾਣੇ ਵਿੱਚ ਇੰਸਪੈਕਟਰ ਨਹੀਂ ਹੈ ਅਤੇ ਇਹ ਪੁਲਿਸ ਨੂੰ ਗੁਮਰਾਹ ਕਰ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਹਿਲਾ ਦੀ ਕਾਰ ਬੀਐਮਡਬਲਯੂ ਆਪਣੇ ਕਬਜ਼ੇ ਵਿੱਚ ਲੈ ਕੇ ਅਤੇ ਇਸ ਮਹਿਲਾ ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਸ ਮਹਿਲਾ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਦੋ ਮਾਮਲੇ ਦਰਜ ਹਨ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਸਖਤੀ ਨਾਲ ਪੁੱਛਗਿਛ ਕਰਨ ਤੇ ਪਤਾ ਚੱਲਿਆ ਕਿ ਮਹਿਲਾ ਇੰਸਪੈਕਟਰ ਹੋਣ ਦਾ ਝੂਠ ਬੋਲ ਕੇ ਆਪਣਾ ਟੌਰ ਬਣਾਉਂਦੀ ਸੀ। ਫਿਲਹਾਲ ਪੁਲਿਸ ਵੱਲੋਂ ਇਸਨੂੰ ਗਿਰਫਤਾਰ ਕਰ ਲਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਮਹਿਲਾ ਰਣਜੀਤ ਕੌਰ ਨੇ ਦੱਸਿਆ ਕਿ ਉਸ ਕੋਲੋਂ ਗਲਤੀ ਹੋ ਗਈ ਹੈ ਅਤੇ ਉਸਦੀ ਡਿਪਰੈਸ਼ਨ ਦੀ ਦਵਾਈ ਵੀ ਚੱਲ ਰਹੀ ਹੈ ਅਤੇ ਉਹ ਆਪਣੀ ਗਲਤੀ ਸਵੀਕਾਰ ਕਰਦੀ ਹੈ ਅਤੇ ਮਹਿਲਾ ਨੇ ਦੱਸਿਆ ਕਿ ਮੇਰਾ ਕੋਈ ਵੀ ਰਿਸ਼ਤੇਦਾਰ ਪੁਲਿਸ ਦੇ ਵਿੱਚ ਨਹੀਂ ਹੈ ਅਤੇ ਉਸਨੇ ਪੁਲਿਸ ਨੂੰ ਝੂਠੀ ਜਾਣਕਾਰੀ ਦਿੱਤੀ, ਇਸ ਦੇ ਲਈ ਉਹ ਮਾਫੀ ਮੰਗਦੀ ਹੈ।