ਟਰਾਂਸਜੈਂਡਰਾਂ ਨੂੰ ਸੁਪਰੀਮ ਕੋਰਟ ਵੱਲੋਂ ਮਿਲੇ ਹੱਕਾਂ ਨੂੰ ਉਜਾਗਰ ਕਰਨ ਲਈ ਸੈਮੀਨਾਰ ਕਰਵਾਇਆ
ਟਰਾਂਸਜੈਂਡਰ ਵੀ ਸਾਡੇ ਸਮਾਜ ਦਾ ਅਭਿੰਨ ਅੰਗ ਅਤੇ ਬਰਾਬਰਤਾ ਦੇ ਹੱਕਦਾਰ ਹਨ : ਰਿਸ਼ੀਪਾਲ ਡਡਵਾਲ
ਟਰਾਂਜੈਂਡਰਾਂ ਦੀ ਜ਼ਿੰਦਗੀ ਬਾਰੇ ਜਾਗਰੂਕ ਕਰਨਾ ਸੈਮੀਨਾਰ ਦਾ ਮਕਸਦ : ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ, 19 ਮਾਰਚ, 2024: ਕੈਪਟਨ ਗੁਰਦੀਪ ਸਿੰਘ ਸੋਸਾਇਟੀ ਅਤੇ ਵਿੱਦਿਆ ਦੇਵੀ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਟਰਾਂਸਜੈਂਡਰਾਂ ਨੂੰ ਸਮਾਜ ਵਿਚ ਆਮ ਲੋਕਾਂ ਵਾਂਗ ਮਾਨ ਸਨਮਾਨ ਦਿਵਾਉਣ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਮਿਲੇ ਹੱਕਾਂ ਨੂੰ ਲੋਕਾਂ ਵਿੱਚ ਉਜਾਗਰ ਕਰਨ ਸਬੰਧੀ ਇੱਕ ਸੈਮੀਨਾਰ ਅੱਜ ਅੰਮ੍ਰਿਤਸਰ ਵਿਖੇ ਬੱਚਤ ਭਵਨ ਵਿੱਚ ਰੁਪਿੰਦਰ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਤੇ ਵਿੱਦਿਆ ਦੇਵੀ ਚੈਰੀਟੇਬਲ ਟਰੱਸਟ ਦੇ ਚੇਅਰਪਰਸਨ ਰਿਸ਼ੀਪਾਲ ਡਡਵਾਲ ਨੇ ਕੇਂਦਰ ਸਰਕਾਰ ਵੱਲੋਂ ਟਰਾਂਸਜੈਂਡਰਾਂ ਦੇ ਹੱਕ ’ਚ ਕੀਤੇ ਗਏ ਫੈਲਿਆਂ ਤੋਂ ਜਾਣੂ ਕਰਾਇਆ।
ਉਨ੍ਹਾਂ ਕਿਹਾ ਕਿ ਟਰਾਂਸਜੈਂਡਰ ਵੀ ਸਾਡੇ ਵਾਂਗ ਰੱਬ ਵੱਲੋਂ ਬਣਾਈਆਂ ਗਈਆਂ ਆਕ੍ਰਿਤੀਆਂ ਹਨ। ਇਹਨਾਂ ਨਾਲ ਕਿਸੇ ਤਰ੍ਹਾਂ ਦਾ ਵੀ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਅਜੈਬੀਰ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਟਰਾਂਸਜੈਂਡਰ ਵੀ ਸਾਡੇ ਸਮਾਜ ਦਾ ਅਭਿੰਨ ਅੰਗ ਹਨ, ਉਹ ਸਭ ਵੀ ਸਮਾਜ ਵਿਚ ਬਰਾਬਰਤਾ ਦੇ ਹੱਕਦਾਰ ਹਨ। ਇਸ ਮੌਕੇ ਸੈਮੀਨਾਰ ’ਚ ਉਚੇਚੇ ਤੌਰ ’ਤੇ ਵੱਖ-ਵੱਖ ਸੂਬਿਆਂ ਤੋਂ ਆਈਆਂ ਟਰਾਂਸਜੈਂਡਰਾਂ ਰੂਬੀਨਾ, ਵਿਦਿਆ ਰਾਜਪੂਤ, ਸਾਬਰੀ ਯਾਦਵ, ਪੋਪੀ ਦੇਵਨਾਥ ਨੇ ਟਰਾਂਸਜਰ ਨੂੰ ਦਰਪੇਸ਼ ਸਮੱਸਿਆਵਾਂ, ਬਚਪਨ ਵਿੱਚ ਆਈਆਂ ਹੋਈਆਂ ਪਰਿਵਾਰਕ ਅਤੇ ਸਮਾਜਿਕ ਮੁਸ਼ਕਲਾਂ ਬਾਰੇ ਭਾਵੁਕਤਾ ਨਾਲ ਰੋਸ਼ਨੀ ਪਾਈ। ਉਨ੍ਹਾਂ ਨੇ ਪੜ੍ਹ ਲਿਖ ਕੇ ਕੀਤੀਆਂ ਆਪਣੀਆਂ ਪ੍ਰਾਪਤੀਆਂ ਤੇ ਵੱਖ-ਵੱਖ ਖੇਤਰਾਂ ਵਿੱਚ ਪਾਏ ਹੋਏ ਆਪਣੇ ਯੋਗਦਾਨ ਅਤੇ ਵਿਸਥਾਰ ਸਾਹਿਤ ਚਾਨਣਾ ਪਾਇਆ| ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਸਮਾਜ ਦੇ ਅਣ ਛੋਹ ਵਿਸ਼ੇ ’ਤੇ ਸੈਮੀਨਾਰ ਕਰਵਾ ਕੇ ਸਮਾਜ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਚੁਨੌਤੀਆਂ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਦੇ ਮੁੱਖ ਪ੍ਰਬੰਧਕ ਰੁਪਿੰਦਰ ਕੌਰ ਸੰਧੂ ਦੀ ਸ਼ਲਾਘਾ ਕੀਤੀ। ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਹੋਣੇ ਬਹੁਤ ਹੀ ਜ਼ਰੂਰੀ ਹਨ ਅਤੇ ਇਹੋ ਜਿਹੇ ਸੈਮੀਨਾਰਾਂ ਨਾਲ ਹੀ ਟਰਾਂਸਜੈਂਟਰਾਂ ਅਤੇ ਆਮ ਲੋਕਾਂ ਵਿੱਚ ਨੇੜਤਾ ਵਧੇਗੀ ਅਤੇ ਸਮਾਜ ਵਿੱਚ ਉਨ੍ਹਾਂ ਨੂੰ ਬਰਾਬਰ ਦਾ ਹੱਕ ਮਿਲੇਗਾ। ਇਸ ਮੌਕੇ ਉਚੇਚੇ ਤੌਰ ’ਤੇ ਅਜੈਬੀਰ ਪਾਲ ਸਿੰਘ ਰੰਧਾਵਾ, ਪ੍ਰਿੰਸੀਪਲ ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਰੀਨਾ ਜੇਤਲੀ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਦੀਪਕ ਬੱਬਰ, ਸਾਬਕਾ ਲੇਬਰ ਕਮਿਸ਼ਨ ਦਰਸ਼ਨ ਸਿੰਘ, ਸਾਬਕਾ ਤਹਿਸੀਲਦਾਰ ਸਲਵਾਨ, ਸੁਖਦੇਵ ਸਿੰਘ, ਸੁਰਜੀਤ ਸਿੰਘ, ਅਨਿਲ ਕੁਮਾਰ, ਸਾਬਕਾ ਫਲੈਗ ਅਫ਼ਸਰ ਅਮਰਜੀਤ ਸਿੰਘ, ਨਿਰਮਲ ਸਿੰਘ ਬੇਦੀ, ਸੁਖਦੇਵ ਸਿੰਘ, ਅਖਲੇਸ਼ ਕੁਮਾਰ, ਪਲਵਿੰਦਰ ਸਿੰਘ ਸੰਧੂ, ਸਿਮਰਜੀਤ ਸਿੰਘ, ਅਮਿਦ ਮਹਿਤਾ, ਦਿਲਬਾਗ ਸਿੰਘ ਸਮੇਤ ਸੈਂਕੜੇ ਸੂਝਵਾਨ ਲੋਕਾਂ ਨੇ ਵੀ ਆਪਣੇ ਵਿਚਾਰ ਰੱਖੇ।